Add parallel Print Page Options

ਸਰੀਰ ਦੀ ਏਕਤਾ

ਮੈਂ ਕੈਦ ਵਿੱਚ ਹਾਂ ਕਿਉਂਕਿ ਮੈਂ ਪ੍ਰਭੂ ਨਾਲ ਸੰਬੰਧਿਤ ਹਾਂ। ਅਤੇ ਪਰਮੇਸ਼ੁਰ ਨੇ ਤੁਹਾਨੂੰ ਆਪਣੇ ਲੋਕਾਂ ਵਜੋਂ ਚੁਣਿਆ। ਹੁਣ ਮੈਂ ਤੁਹਾਨੂੰ ਪਰਮੇਸ਼ੁਰ ਦੇ ਲੋਕਾਂ ਵਾਂਗ ਰਹਿਣ ਲਈ ਬੇਨਤੀ ਕਰਦਾ ਹਾਂ। ਹਮੇਸ਼ਾ ਨਿਮ੍ਰ ਅਤੇ ਕੋਮਲ ਬਣੋ ਧੀਰਜ ਰੱਖੋ ਅਤੇ ਇੱਕ ਦੂਸਰੇ ਨਾਲ ਪ੍ਰੇਮ ਅਤੇ ਸ਼ਾਂਤੀ ਨਾਲ ਜੁੜੇ ਰਹੋ। ਤੁਸੀਂ ਇੱਕ ਦੂਜੇ ਨਾਲ ਆਤਮਾ ਰਾਹੀਂ ਸ਼ਾਂਤੀ ਨਾਲ ਜੁੜੇ ਹੋਏ ਹੋ। ਇਸ ਢੰਗ ਨਾਲ ਜੁੜੇ ਰਹਿਣ ਲਈ ਹਰ ਸੰਭਵ ਜਤਨ ਕਰੋ। ਕਾਸ਼ ਤੁਸੀਂ ਸ਼ਾਂਤੀ ਦੇ ਬੰਧਨ ਦੁਆਰਾ ਸੰਯੁਕਤ ਰਹੋ। ਇੱਕ ਸਰੀਰ ਹੈ ਤੇ ਇੱਕ ਹੀ ਆਤਮਾ ਹੈ। ਅਤੇ ਪਰਮੇਸ਼ੁਰ ਨੇ ਤੁਹਾਨੂੰ ਇੱਕ ਹੀ ਉਮੀਦ ਰੱਖਣ ਦਾ ਸੱਦਾ ਦਿੱਤਾ ਹੈ। ਇੱਕ ਪ੍ਰਭੂ ਹੈ, ਇੱਕ ਵਿਸ਼ਵਾਸ ਅਤੇ ਇੱਕ ਹੀ ਬਪਤਿਸਮਾ। ਉੱਥੇ ਸਿਰਫ਼ ਇੱਕ ਹੀ ਪਰਮੇਸ਼ੁਰ ਹੈ, ਜੋ ਸਾਰੀਆਂ ਚੀਜ਼ਾਂ ਦਾ ਪਿਤਾ ਹੈ। ਉਹ ਹਰ ਚੀਜ਼ ਤੇ ਹਕੂਮਤ ਕਰਦਾ ਹੈ। ਉਹ ਹਰ ਜਗ਼੍ਹਾ ਹੈ ਅਤੇ ਹਰ ਚੀਜ਼ ਅੰਦਰ ਹੈ।

ਮਸੀਹ ਨੇ ਸਾਡੇ ਵਿੱਚੋਂ ਹਰ ਇੱਕ ਨੂੰ ਇੱਕ ਵਿਸ਼ੇਸ਼ ਦਾਤ ਦਿੱਤੀ ਹੈ। ਹਰ ਵਿਅਕਤੀ ਨੂੰ ਉਹ ਮਿਲਿਆ ਜੋ ਮਸੀਹ ਉਸ ਨੂੰ ਦੇਣਾ ਚਾਹੁੰਦਾ ਸੀ। ਇਸੇ ਲਈ, ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ:

“ਜਦੋਂ ਉਹ ਉੱਪਰ ਅਕਾਸ਼ ਵਿੱਚ ਗਿਆ,
    ਉਸ ਨੇ ਕੈਦੀਆਂ ਨੂੰ ਆਪਣੇ ਨਾਲ ਲਿਆ,
    ਅਤੇ ਲੋਕਾਂ ਨੂੰ ਦਾਤਾਂ ਦਿੱਤੀਆਂ।” (A)

ਜਦੋਂ ਇਹ ਆਖਦਾ ਹੈ, “ਉਹ ਉੱਚਾ ਗਿਆ,” ਇਸਦਾ ਕੀ ਅਰਥ ਹੈ? ਇਸਦਾ ਅਰਥ ਹੈ ਕਿ ਪਹਿਲਾਂ ਉਹ ਧਰਤੀ ਉੱਤੇ ਥੱਲੇ ਆਇਆ। 10 ਇਸ ਲਈ ਮਸੀਹ ਹੀ ਹੈ ਜੋ ਹੇਠਾ ਆਇਆ, ਅਤੇ ਉਹੀ ਹੈ ਜਿਹੜਾ ਉੱਪਰ ਗਿਆ। ਉਹ ਸਾਰੇ ਅਕਾਸ਼ਾਂ ਨਾਲੋਂ ਉੱਪਰ ਗਿਆ। ਮਸੀਹ ਨੇ ਅਜਿਹਾ ਹਰ ਚੀਜ਼ ਨੂੰ ਆਪਣੇ ਨਾਲ ਭਰਪੂਰ ਕਰਨ ਲਈ ਕੀਤਾ। 11 ਅਤੇ ਉਸੇ ਮਸੀਹ ਨੇ ਲੋਕਾਂ ਨੂੰ ਦਾਤਾਂ ਦਿੱਤੀਆਂ। ਉਸ ਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ, ਅਤੇ ਕੁਝ ਇੱਕ ਨੂੰ ਦੇਖ ਭਾਲ ਅਤੇ ਪਰਮੇਸ਼ੁਰ ਦੇ ਲੋਕਾਂ ਨੂੰ ਉਪਦੇਸ਼ ਦੇਣ ਲਈ ਬਣਾਇਆ। 12 ਮਸੀਹ ਨੇ ਇਹ ਦਾਤਾਂ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਸੇਵਾ ਦਾ ਕੰਮ ਕਰਨ ਦੀ ਤਿਆਰੀ ਲਈ ਦਿੱਤੀਆਂ, ਤਾਂ ਕਿ ਮਸੀਹ ਦੇ ਸਰੀਰ ਨੂੰ ਮਜ਼ਬੂਤ ਬਣਾਇਆ ਜਾ ਸੱਕੇ। 13 ਇਸ ਕਾਰਜ ਨੂੰ ਜਾਰੀ ਰਹਿਣਾ ਚਾਹੀਦਾ ਹੈ, ਜਦੋਂ ਤੱਕ ਅਸੀਂ ਸਾਰੇ ਇੱਕੋ ਜਿਹੇ ਵਿਸ਼ਵਾਸ ਵਿੱਚ ਅਤੇ ਪਰਮੇਸ਼ੁਰ ਦੇ ਪੁੱਤਰ ਬਾਰੇ ਗਿਆਨ ਵਿੱਚ ਇੱਕ ਮੁੱਠ ਨਹੀਂ ਹੋ ਜਾਂਦੇ। ਸਾਡੇ ਲਈ ਉਦੋਂ ਤੱਕ ਵੱਧਣਾ ਅਤੇ ਪ੍ਰਪੱਕ ਬਣਨਾ ਜ਼ਰੂਰੀ ਹੈ ਜਦੋਂ ਤੱਕ ਕਿ ਅਸੀਂ ਮਸੀਹ ਵਰਗੇ ਨਾ ਬਣ ਜਾਈਏ ਅਤੇ ਉਸਦੀ ਉਤਕ੍ਰਿਸ਼ਟਤਾ ਹਾਸਲ ਨਾ ਕਰ ਲਈਏ।

14 ਉਦੋਂ ਅਸੀਂ ਬੱਚੇ ਨਹੀਂ ਹੋਵਾਂਗੇ। ਅਸੀਂ ਉਨ੍ਹਾਂ ਲੋਕਾਂ ਵਰਗੇ ਨਹੀਂ ਹੋਵਾਂਗੇ ਜਿਹੜੇ ਉਸ ਜਹਾਜ਼ ਵਾਂਗ ਆਪਣੀ ਦਿਸ਼ਾ ਬਦਲਦੇ ਹਨ ਜਿਸ ਨੂੰ ਲਹਿਰਾਂ ਇੱਕ ਪਾਸਿਉਂ ਦੂਸਰੇ ਪਾਸੇ ਲੈ ਜਾਂਦੀਆਂ ਹਨ। ਅਸੀਂ ਉਨ੍ਹਾਂ ਉਪਦੇਸ਼ਾਂ ਤੋਂ ਪ੍ਰਭਾਵਿਤ ਨਹੀਂ ਹੋਵਾਂਗੇ ਜੋ ਅਸੀਂ ਉਨ੍ਹਾਂ ਲੋਕਾਂ ਤੋਂ ਪ੍ਰਾਪਤ ਕਰਦੇ ਹਾਂ ਜੋ ਸਾਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਆਦਮੀ ਲੋਕਾਂ ਨੂੰ ਗਲਤ ਰਾਹੇ ਪਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਗਲਤ ਰਾਹ ਸੁਝਾਉਂਦੇ ਹਨ। 15 ਨਹੀਂ। ਅਸੀਂ ਪ੍ਰੇਮ ਵਿੱਚ ਸੱਚ ਬੋਲਾਂਗੇ। ਅਸੀਂ ਹਰ ਰਾਹੇ ਮਸੀਹ ਦੀ ਤਰ੍ਹਾਂ ਬਨਣ ਲਈ ਵੱਧਾਂਗੇ। ਮਸੀਹ ਸਿਰ ਹੈ ਅਤੇ ਅਸੀਂ ਸਰੀਰ ਹਾਂ। 16 ਸਮੁੱਚਾ ਸਰੀਰ ਮਸੀਹ ਉੱਪਰ ਨਿਰਭਰ ਹੈ। ਅਤੇ ਸਰੀਰ ਦੇ ਸਾਰੇ ਅੰਗ ਜੁੜੇ ਹੋਏ ਅਤੇ ਇਕੱਠੇ ਹਨ। ਸਰੀਰ ਦਾ ਹਰ ਅੰਗ ਆਪਣਾ ਕੰਮ ਕਰਦਾ ਹੈ। ਅਤੇ ਇਸ ਤਰ੍ਹਾਂ ਸੰਪੂਰਣ ਸਰੀਰ ਵੱਧਦਾ ਹੈ ਅਤੇ ਪ੍ਰੇਮ ਵਿੱਚ ਮਜ਼ਬੂਤ ਹੁੰਦਾ ਹੈ।

ਜਿਸ ਢੰਗ ਨਾਲ ਤੁਹਾਨੂੰ ਜਿਉਣਾ ਚਾਹੀਦਾ

17 ਪ੍ਰਭੂ ਲਈ ਮੈਂ ਤੁਹਾਨੂੰ ਦੱਸਦਾ ਹਾਂ ਅਤੇ ਮੈਂ ਤੁਹਾਨੂੰ ਚੇਤਾਵਨੀ ਦਿੰਦਾ ਹਾਂ; ਅਵਿਸ਼ਵਾਸੀਆਂ ਵਾਂਗ ਜਿਉਣ ਵਿੱਚ ਸਥਿਰ ਨਾ ਰਹੋ। ਉਨ੍ਹਾਂ ਦੇ ਵਿੱਚਾਰ ਕਿਸੇ ਕੰਮ ਦੇ ਨਹੀਂ ਹਨ। 18 ਉਨ੍ਹਾਂ ਲੋਕਾਂ ਦੇ ਮਨ ਹਨੇਰਮਈ ਹੋ ਗਏ ਹਨ। ਉਹ ਕੁਝ ਨਹੀਂ ਜਾਣਦੇ, ਕਿਉਂਕਿ ਉਹ ਸੁਣਨ ਤੋਂ ਇਨਕਾਰੀ ਹਨ। ਇਸ ਲਈ ਉਹ ਜੀਵਨ ਨਹੀਂ ਪ੍ਰਾਪਤ ਕਰ ਸੱਕਦੇ ਜਿਹੜਾ ਪਰਮੇਸ਼ੁਰ ਪ੍ਰਦਾਨ ਕਰਦਾ ਹੈ। 19 ਉਨ੍ਹਾਂ ਨੇ ਆਪਣੀ ਸ਼ਰਮਸਾਰੀ ਦੀ ਭਾਵਨਾ ਗੁਆ ਲਈ ਹੈ। ਉਹ ਆਪਣੇ ਜੀਵਨ ਬਦੀ ਕਰਨ ਲਈ ਇਸਤੇਮਾਲ ਕਰਦੇ ਹਨ। ਉਹ ਹਰ ਪ੍ਰਕਾਰ ਦੀਆਂ ਵੱਧ ਤੋਂ ਵੱਧ ਬਦਕਾਰੀਆਂ ਕਰਨੀਆਂ ਚਾਹੁੰਦੇ ਹਨ। 20 ਪਰ ਜਿਹੜੀਆਂ ਗੱਲਾਂ ਤੁਸੀਂ ਮਸੀਹ ਵਿੱਚ ਸਿੱਖੀਆਂ ਹਨ ਉਹ ਉਨ੍ਹਾਂ ਮੰਦੀਆਂ ਗੱਲਾਂ ਵਰਗੀਆਂ ਨਹੀਂ ਹਨ। 21 ਮੈਂ ਜਾਣਦਾ ਹਾਂ ਕਿ ਤੁਸੀਂ ਉਸ ਬਾਰੇ ਸੁਣ ਚੁੱਕੇ ਹੋ। ਅਤੇ ਕਿਉਂ ਜੋ ਤੁਸੀਂ ਉਸ ਵਿੱਚ ਹੋ, ਉਸਦਾ ਸੱਚ ਤੁਹਾਨੂੰ ਸਿੱਖਾਇਆ ਗਿਆ। ਹਾਂ ਸੱਚ ਯਿਸੂ ਵਿੱਚ ਹੈ। 22 ਤੁਹਾਨੂੰ ਆਪਣੇ ਪੁਰਾਣੇ ਆਪੇ ਦਾ ਤਿਆਗ ਕਰਨਾ ਸਿੱਖਾਇਆ ਗਿਆ ਸੀ। ਇਸਦਾ ਅਰਥ ਹੈ ਕਿ ਤੁਹਾਨੂੰ ਉਸ ਤਰ੍ਹਾਂ ਦੇ ਮੰਦੇ ਢੰਗ ਨਾਲ ਜਿਉਣਾ ਛੱਡ ਦੇਣਾ ਚਾਹੀਦਾ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਜਿਉਂ ਰਹੇ ਸੀ। ਉਹ ਪੁਰਾਣਾ ਆਪਾ ਬਦਤਰ ਬਣਦਾ ਜਾਂਦਾ ਹੈ, ਕਿਉਂ ਜੋ ਲੋਕ ਉਨ੍ਹਾਂ ਬਦਕਾਰੀਆਂ ਦੁਆਰਾ ਗੁਮਰਾਹ ਹੋ ਗਏ ਹਨ ਜਿਹੜੀਆਂ ਉਹ ਕਰਨੀਆਂ ਚਾਹੁੰਦੇ ਹਨ। 23 ਪਰ ਤੁਹਾਨੂੰ ਆਪਣੇ ਦਿਲਾਂ ਵਿੱਚ ਅਤੇ ਮਨਾਂ ਵਿੱਚ ਨਵੇਂ ਬਣਨ ਲਈ ਸਿੱਖਾਇਆ ਗਿਆ ਹੈ। 24 ਤੁਹਾਨੂੰ ਇੱਕ ਨਵੇਂ ਵਿਅਕਤੀ ਬਣਨ ਲਈ ਸਿੱਖਾਇਆ ਗਿਆ ਹੈ। ਇਹ ਨਵਾਂ ਵਿਅਕਤੀ ਪਵਿੱਤਰ ਅਤੇ ਧਾਰਮਿਕਤਾ ਨਾਲ ਰਹਿਣ ਲਈ ਪਰਮੇਸ਼ੁਰ ਵਰਗਾ ਬਣਾਇਆ ਗਿਆ ਹੈ।

25 ਤੁਹਾਨੂੰ ਝੂਠ ਬੋਲਣਾ ਬੰਦ ਕਰ ਦੇਣਾ ਚਾਹੀਦਾ ਹੈ। “ਤੁਹਾਨੂੰ ਹਮੇਸ਼ਾ ਇੱਕ ਦੂਸਰੇ ਨਾਲ ਸੱਚ ਬੋਲਣਾ ਚਾਹੀਦਾ ਹੈ” [a] ਕਿਉਂਕਿ ਅਸੀਂ ਇੱਕੋ ਸਰੀਰ ਵਿੱਚ ਇੱਕ ਦੂਸਰੇ ਦੇ ਅੰਗ ਹਾਂ। 26 “ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਤਾਂ ਆਪਣੇ ਕ੍ਰੋਧ ਨੂੰ ਪਾਪ ਕਰਾਉਣ ਦਾ ਕਾਰਣ ਨਾ ਬਨਣ ਦਿਓ” [b] ਸਾਰਾ ਦਿਨ ਕ੍ਰੋਧ ਕਰਨਾ ਜਾਰੀ ਨਾ ਰੱਖੋ। 27 ਸ਼ੈਤਾਨ ਨੂੰ ਕੋਈ ਅਜਿਹਾ ਰਾਹ ਨਾ ਦਿਓ ਜਿਹੜਾ ਤੁਹਾਨੂੰ ਹਰਾ ਸੱਕੇ। 28 ਜੇ ਕੋਈ ਚੋਰੀ ਕਰ ਰਿਹਾ ਹੈ ਤਾਂ ਉਸ ਨੂੰ ਚੋਰੀ ਕਰਨੀ ਛੱਡ ਦੇਣੀ ਚਾਹੀਦੀ ਹੈ। ਇਸਦੀ ਜਗ਼੍ਹਾ ਉਸ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ। ਉਸ ਨੂੰ ਆਪਣੇ ਹੱਥਾਂ ਦੀ ਵਰਤੋਂ ਚੰਗੇ ਕੰਮ ਕਰਨ ਲਈ ਕਰਨੀ ਚਾਹੀਦੀ ਹੈ। ਫ਼ੇਰ ਉਸ ਦੇ ਕੋਲ ਗਰੀਬ ਲੋਕਾਂ ਨਾਲ ਸਾਂਝਾ ਕਰਨ ਲਈ ਕੁਝ ਨਾ ਕੁਝ ਹੋਵੇਗਾ।

29 ਜਦੋਂ ਤੁਸੀਂ ਬੋਲੋਂ ਤੁਹਾਨੂੰ ਮੰਦੇ ਬੋਲ ਨਹੀਂ ਬੋਲਣੇ ਚਾਹੀਦੇ। ਪਰ ਉਹ ਗੱਲਾਂ ਕਰੋ ਜਿਨ੍ਹਾਂ ਦੀ ਲੋਕਾਂ ਨੂੰ ਜ਼ਰੂਰਤ ਹੈ, ਉਹ ਗੱਲਾਂ ਜਿਹੜੀਆਂ ਹੋਰਾਂ ਲੋਕਾਂ ਨੂੰ ਮਜ਼ਬੂਤ ਬਣਨ ਵਿੱਚ ਸਹਾਈ ਹੋਣ। ਇਹ ਗੱਲਾਂ ਤੁਹਾਡੇ ਸੁਣਨ ਵਾਲਿਆਂ ਦੀ ਸਹਾਇਤਾ ਕਰਨਗੀਆਂ। 30 ਪਵਿੱਤਰ ਆਤਮਾ ਨੂੰ ਉਦਾਸ ਨਾ ਬਣਾਓ। ਆਤਮਾ ਇਸ ਗੱਲ ਦਾ ਪ੍ਰਮਾਣ ਹੈ ਕਿ ਤੁਸੀਂ ਪਰਮੇਸ਼ੁਰ ਦੇ ਹੋ। ਪਰਮੇਸ਼ੁਰ ਨੇ ਇਹ ਆਤਮਾ ਤੁਹਾਨੂੰ ਇਹ ਦਰਸ਼ਾਉਣ ਲਈ ਦਿੱਤਾ ਸੀ ਕਿ ਪਰਮੇਸ਼ੁਰ ਤੁਹਾਨੂੰ ਢੁੱਕਵੇਂ ਸਮੇਂ ਆਜ਼ਾਦ ਕਰੇਗਾ। 31 ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਆਪਣੇ ਆਪ ਤੋਂ ਦੂਰ ਕਰ ਦੇਵੋ। 32 ਦਿਆਲੂ ਬਣੋ ਅਤੇ ਦੂਸਰਿਆਂ ਨੂੰ ਪਿਆਰ ਕਰਦੇ ਰਹੋ। ਇੱਕ ਦੂਸਰੇ ਨੂੰ ਉਸੇ ਤਰ੍ਹਾਂ ਮਾਫ਼ ਕਰ ਦਿਓ ਜਿਵੇਂ ਪਰਮੇਸ਼ੁਰ ਨੇ ਮਸੀਹ ਵਿੱਚ ਤੁਹਾਨੂੰ ਮੁਆਫ਼ ਕੀਤਾ ਹੈ।

Footnotes

  1. ਅਫ਼ਸੀਆਂ ਨੂੰ 4:25 ਹਵਾਲਾ: ਜ਼ਕਰਯਾਹ 8:16
  2. ਅਫ਼ਸੀਆਂ ਨੂੰ 4:26 xo 4:26 ਹਵਾਲਾ ਜ਼ਬੂਰ 4:4 (ਯੂਨਾਨੀ ਅਨੁਵਾਦ