Add parallel Print Page Options

ਹਾਮਾਨ ਦੀ ਯਹੂਦੀਆਂ ਨੂੰ ਤਬਾਹ ਕਰਨ ਦੀ ਯੋਜਨਾ

ਇਨ੍ਹਾਂ ਘਟਨਾਵਾਂ ਦੇ ਉਪਰੰਤ ਪਾਤਸ਼ਾਹ ਅਹਸ਼ਵੇਰੋਸ਼ ਨੇ ਹਾਮਾਨ, ਅਗਾਗੀ ਹਮਦਾਬਾ ਦੇ ਪੁੱਤਰ ਨੂੰ ਸਨਮਾਨਿਤ ਕੀਤਾ। ਪਾਤਸ਼ਾਹ ਨੇ ਉਸ ਨੂੰ ਸਾਰੇ ਆਗੂਆਂ ਨਾਲੋਂ ਉਚੇਰਾ ਰੁਤਬਾ ਦਿੱਤਾ। ਪਾਤਸ਼ਾਹੀ ਫਾਟਕ ਤੇ ਪਾਤਸ਼ਾਹ ਦੇ ਸਾਰੇ ਨੌਕਰ ਹੁਣ ਹਾਮਾਨ ਨੂੰ ਝੁਕੱ ਕੇ ਸਲਾਮ ਕਰਦੇ ਤੇ ਸਨਮਾਨ ਦਿੰਦੇ ਕਿਉਂ ਕਿ ਪਾਤਸ਼ਾਹ ਨੇ ਉਨ੍ਹਾਂ ਨੂੰ ਇਹ ਆਦੇਸ਼ ਦਿੱਤੇ ਸਨ। ਪਰ ਮਾਰਦਕਈ ਨੇ ਝੁਕ ਕੇ ਹਾਮਾਨ ਨੂੰ ਆਦਰ ਦੇਣ ਤੋਂ ਇਨਕਾਰ ਕਰ ਦਿੱਤਾ। ਤਾਂ ਸ਼ਾਹੀ ਫ਼ਾਟਕ ਤੇ ਪਾਤਸ਼ਾਹ ਦੇ ਬਾਕੀ ਸਾਰੇ ਨੌਕਰਾਂ ਨੇ ਮਾਰਦਕਈ ਨੂੰ ਪੁੱਛਿਆ, “ਤੂੰ ਪਾਤਸ਼ਾਹ ਦੇ ਹੁਕਮਾਂ ਨੂੰ ਮੰਨ ਕੇ ਹਾਮਾਨ ਦੇ ਅੱਗੇ ਕਿਉਂ ਨਹੀਂ ਝੁਕਦਾ?”

ਉਹ ਹਰ ਰੋਜ਼ ਉਸ ਨੂੰ ਇਸ ਬਾਰੇ ਪੁੱਛਦੇ ਰਹੇ ਤੇ ਉਹ ਹਰ ਰੋਜ਼ ਹੁਕਮ ਮੰਨਣ ਤੋਂ ਇਨਕਾਰ ਕਰਦਾ ਰਿਹਾ। ਤਾਂ ਉਨ੍ਹਾਂ ਆਗੂਆਂ ਨੇ ਇਹ ਗੱਲ ਹਾਮਾਨ ਨੂੰ ਕਹੀ। ਉਹ ਵੇਖਣਾ ਚਾਹੁੰਦੇ ਸਨ ਕਿ ਹੁਣ ਹਾਮਾਨ ਮਾਰਦਕਈ ਨਾਲ ਕੀ ਸਲੂਕ ਕਰੇਗਾ, ਕਿਉਂ ਕਿ ਮਾਰਦਕਈ ਨੇ ਉਨ੍ਹਾਂ ਆਗੂਆਂ ਨੂੰ ਦੱਸਿਆ ਸੀ ਕਿ ਉਹ ਯਹੂਦੀ ਹੈ। ਜਦੋਂ ਹਾਮਾਨ ਨੇ ਵੇਖਿਆ ਕਿ ਮਾਰਦਕਈ ਨੇ ਉਸ ਅੱਗੇ ਝੁਕ ਕੇ ਉਸ ਨੂੰ ਇੱਜ਼ਤ ਨਹੀਂ ਦਿੱਤੀ, ਉਸ ਨੂੰ ਬੜਾ ਗੁੱਸਾ ਆਇਆ। ਹਾਮਾਨ ਨੂੰ ਪਤਾ ਲੱਗ ਚੁੱਕਾ ਸੀ ਕਿ ਉਹ ਯਹੂਦੀ ਹੈ। ਉਹ ਕੇਵਲ ਮਾਰਦਕਈ ਨੂੰ ਹੀ ਮਾਰਕੇ ਖਤਮ ਨਹੀਂ ਸੀ ਕਰਨਾ ਚਾਹੁੰਦਾ ਪਰ ਉਹ ਮਾਰਦਕਈ ਦੇ ਸਾਰੇ ਲੋਕਾਂ, ਯਹੂਦੀਆਂ ਨੂੰ ਅਹਸ਼ਵੇਰੋਸ਼ ਦੇ ਸਾਰੇ ਰਾਜ ਵਿੱਚੋਂ ਤਬਾਹ ਕਰਨਾ ਚਾਹੁੰਦਾ ਸੀ।

ਪਾਤਸ਼ਾਹ ਅਹਸ਼ਵੇਰੋਸ਼ ਦੇ ਰਾਜ ਦੇ ਬਾਰ੍ਹਵੇਂ ਵਰ੍ਹੇ ਦੇ ਪਹਿਲੇ ਮਹੀਨੇ ਵਿੱਚ, ਜੋ ਨੀਸਾਨ ਦਾ ਮਹੀਨਾ ਵੀ ਹੈ, ਉਨ੍ਹਾਂ ਨੇ ਇੱਕ ਖਾਸ ਦਿਨ ਅਤੇ ਮਹੀਨੇ ਦੀ ਚੋਣ ਕਰਨ ਦੇ ਉਦੇਸ਼ ਨਾਲ ਹਾਮਾਨ ਦੀ ਹਾਜ਼ਰੀ ਵਿੱਚ ਗੁਣੇ ਸੁੱਟੇ। ਬਾਰ੍ਹਵਾਂ ਮਹੀਨਾ, ਅਦਾਰ ਦਾ ਮਹੀਨਾ, ਚੁਣਿਆ ਗਿਆ ਸੀ। (ਉਨ੍ਹਾਂ ਦਿਨਾਂ ਵਿੱਚ, ਗੁਣੇ “ਪੁਰ” ਕਹਿਲਾਉਂਦੇ ਸਨ।) ਤਦ ਹਾਮਾਨ ਨੇ ਅਹਸ਼ਵੇਰੋਸ਼ ਪਾਤਸ਼ਾਹ ਕੋਲ ਆ ਕੇ ਆਖਿਆ, “ਹੇ ਪਾਤਸਾਹ ਅਹਸ਼ਵੇਰੋਸ਼, ਤੇਰੇ ਰਾਜ ਦੇ ਸਾਰੇ ਸੂਬਿਆਂ ਵਿੱਚ, ਇੱਕ ਉੱਮਤ ਸਾਰੇ ਲੋਕਾਂ ਵਿੱਚ ਖਿਲਰੀ ਅਤੇ ਫੈਲੀ ਹੋਈ ਹੈ। ਉਨ੍ਹਾਂ ਲੋਕਾਂ ਦੀਆਂ ਰੀਤਾਂ ਬਾਕੀ ਲੋਕਾਂ ਨਾਲੋਂ ਵੱਖਰੀਆਂ ਹਨ। ਇਹ ਲੋਕ ਰਾਜੇ ਦੇ ਕਨੂੰਨਾਂ ਨੂੰ ਵੀ ਨਹੀਂ ਮੰਨਦੇ ਸੋ ਇਹ ਪਾਤਸ਼ਾਹ ਲਈ ਲਾਭਵਂਦ ਨਹੀਂ ਕਿ ਅਜਿਹੇ ਲੋਕ ਤੁਹਾਡੇ ਰਾਜ ਵਿੱਚ ਨਿਵਾਸ ਕਰਨ।

“ਜੇਕਰ ਪਾਤਸ਼ਾਹ ਨੂੰ ਚੰਗਾ ਲੱਗੇ ਤਾਂ ਮੈਂ ਇੱਕ ਸੁਝਾਵ ਦੇਵਾਂ: ਇਨ੍ਹਾਂ ਲੋਕਾਂ ਨੂੰ ਖਤਮ ਕਰਨ ਦੇ ਆਦੇਸ਼ ਦੇਵੋ ਅਤੇ ਮੈਂ ਖਜ਼ਾਨੇ ਦੇ ਇਂਚਾਰਜਾਂ ਨੂੰ ਸ਼ਾਹੀ ਖਜਾਨੇ ਵਿੱਚ ਪਾਉਣ ਲਈ ਚਾਂਦੀ ਦੇ 10,000 ਸਿੱਕੇ ਦੇਵਾਂਗਾ।” [a]

10 ਇਸ ਲਈ ਪਾਤਸ਼ਾਹ ਨੇ ਆਪਣੀ ਸਰਕਾਰੀ ਮੋਹਰ ਵਾਲੀ ਮੁੰਦਰੀ ਆਪਣੇ ਹੱਥੋਂ ਲਾਹੀ ਅਤੇ ਯਹੂਦੀਆਂ ਦੇ ਵੈਰੀ, ਅਗਾਗੀ ਹਮਦਾਬਾ ਦੇ ਪੁੱਤਰ ਹਾਮਾਨ ਨੂੰ ਦੇ ਦਿੱਤੀ। 11 ਤਦ ਪਾਤਸ਼ਾਹ ਨੇ ਹਾਮਾਨ ਨੂੰ ਕਿਹਾ, “ਪੈਸੇ ਰੱਖ ਅਤੇ ਜਿਵੇਂ ਤੂੰ ਚਾਹੇਁ ਇਨ੍ਹਾਂ ਲੋਕਾਂ ਨਾਲ ਕਰੀਂ।”

12 ਤਾਂ ਪਾਤਸ਼ਾਹ ਦੇ ਸੱਕੱਤਰ ਪਹਿਲੇ ਮਹੀਨੇ ਦੀ ਤੇਰ੍ਹਵੀਂ ਤਾਰੀਖ ਨੂੰ ਬੁਲਾਏ ਗਏ। ਉਨ੍ਹਾਂ ਨੇ ਹਰ ਸੂਬੇ ਦੀ ਬੋਲੀ ਵਿੱਚ ਹਾਮਾਨ ਦੇ ਆਦੇਸ਼ ਨੂੰ ਲਿਖਿਆ। ਉਨ੍ਹਾਂ ਨੇ ਸਾਰੇ ਲੋਕਾਂ ਦੀ ਬੋਲੀ ਵਿੱਚ ਉਨ੍ਹਾਂ ਆਦੇਸ਼ਾਂ ਨੂੰ ਲਿਖਿਆ। ਉਨ੍ਹਾਂ ਨੇ ਪਾਤਸ਼ਾਹ ਦੇ ਆਗੂਆਂ, ਸੂਬਿਆਂ ਦੇ ਰਾਜਪਾਲਾਂ ਅਤੇ ਲੋਕਾਂ ਦੇ ਵੱਖ-ਵੱਖ ਟੋਲਿਆਂ ਦੇ ਆਗੂਆਂ ਨੂੰ ਵੀ ਲਿਖਿਆ। ਉਨ੍ਹਾਂ ਨੇ ਇਹ ਪਾਤਸ਼ਾਹ ਦੇ ਅਧਿਕਾਰ ਨਾਲ ਲਿਖਿਆ ਅਤੇ ਇਸ ਉੱਤੇ ਪਾਤਸ਼ਾਹ ਦੀ ਮੋਹਰ ਵਾਲੀ ਮੁੰਦਰੀ ਦੀ ਛਾਪ ਲਾ ਦਿੱਤੀ।

13 ਉਹ ਚਿੱਠੀਆਂ ਸ਼ਂਦੇਸ਼ਵਾਹਕਾਂ ਰਾਹੀਂ ਪਾਤਸ਼ਾਹ ਦੇ ਸਾਰੇ ਸੂਬਿਆਂ ਵਿੱਚ ਭੇਜੀਆਂ ਗਈਆਂ ਜੋ ਕਿ ਯਹੂਦੀਆਂ ਨੂੰ ਮਾਰਨ, ਵਢ੍ਢਣ, ਤੇ ਪੂਰਨ ਤੌਰ ਤੇ ਤਬਾਹ ਕਰਨ ਦੇ ਹੁਕਮ ਸਨ। ਇਸ ਵਿੱਚ ਜਵਾਨ ਅਤੇ ਬੁੱਢੇ ਲੋਕਾਂ ਨੂੰ, ਬੱਚਿਆਂ, ਜੁਆਕਾਂ ਅਤੇ ਔਰਤਾਂ ਸਭਨਾਂ ਨੂੰ ਇੱਕੋ ਹੀ ਦਿਨ ਵਿੱਚ ਖਤਮ ਕਰਨ ਦਾ ਆਦੇਸ਼ ਸੀ। ਉਹ ਦਿਨ ਆਦਰ ਮਹੀਨੇ ਦੇ, ਕਿ ਬਾਰ੍ਹਵੇ ਮਹੀਨੇ ਬਾਰ੍ਹਵੇਂ ਦਿਨ ਤੇ ਆਇਆ, ਅਤੇ ਇਸ ਦਿਨ ਨੂੰ ਇਹ ਹੁਕਮ ਹੋਇਆ ਕਿ ਯਹੂਦੀਆਂ ਦਾ ਸਭ ਕੁਝ ਧੰਨ-ਮਾਲ ਲੁੱਟ ਲਿਆ ਜਾਵੇ।

14 ਇਸ ਆਦੇਸ਼ ਦੀ ਇੱਕ ਨਕਲ ਕਨੂੰਨ ਵਜੋਂ ਸਾਰੇ ਪ੍ਰਾਂਤਾਂ ਲਈ ਸੂਬੇ ਵਿੱਚਲੇ ਸਾਰੇ ਲੋਕਾਂ ਦਰਮਿਆਨ ਐਲਾਨ ਕਰਾਉਣ ਲਈ ਦਿੱਤੀ ਗਈ, ਤਾਂ ਜੋ ਸਾਰੇ ਲੋਕ ਉਸ ਦਿਨ ਲਈ ਤਿਆਰ ਰਹਿਣ। 15 ਪਾਤਸ਼ਾਹ ਦੇ ਹੁਕਮ ਮੁਤਾਬਕ ਸੰਦੇਸ਼ਵਕ ਨੇ ਬੜੀ ਫੁਰਤੀ ਨਾਲ ਕੰਮ ਕੀਤਾ। ਇਹ ਹੁਕਮ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਵੀ ਦਿੱਤਾ ਗਿਆ। ਪਾਤਸ਼ਾਹ ਅਤੇ ਹਾਮਾਨ ਪੀਣ ਲਈ ਬੈਠ ਗਏ ਪਰ ਸ਼ੂਸ਼ਨ ਸ਼ਹਿਰ ਦੇ ਲੋਕ ਉਲਝਨ ਵਿੱਚ ਸਨ। [b]

Footnotes

  1. ਅਸਤਰ 3:9 ਪਰ ਸ਼ੂਸ਼ਨ … ਵਿੱਚ ਸਨ ਸ਼ੂਸ਼ਨ ਦੇ ਸ਼ਹਿਰੀ ਯਹੂਦੀਆਂ ਦੇ ਖਿਲਾਫ਼ ਰਾਜੇ ਦਾ ਆਦੇਸ਼ ਸਮਝ ਨਾ ਸੱਕੇ, ਇਸ ਲਈ ਉਹ ਝਟਕੇ ਅਤੇ ਉਲਝਨ ਦੀ ਹਾਲਤ ਵਿੱਚ ਸਨ। ਸੰਭਵ ਹੈ ਉਨ੍ਹਾਂ ਦੇ ਯਹੂਦੀਆਂ ਨਾਲ ਚਂਗੇ ਸੰਬੰਧ ਸਨ।
  2. ਅਸਤਰ 3:15 ਜੇਕਰ ਪਾਤਸ਼ਾਹ … ਸਿੱਕੇ ਦੇਵਾਂਗਾ ਹਾਮਾਨ ਨੇ ਪੈਸਿਆਂ ਦੀ ਇੱਡੀ ਵੱਡੀ ਰਕਮ ਉਨ੍ਹਾਂ ਯਹੂਦੀਆਂ ਦੀਆਂ ਜਾਇਦਾਦਾਂ ਲੁਟ੍ਟ ਕੇ ਹਾਸਿਲ ਕਰਨ ਦੀ ਉਮੀਦ ਕੀਤੀ ਹੋਵੇਗੀ ਜੋ ਮਾਰੇ ਜਾਣ ਵਾਲੇ ਸਨ।