Añadir traducción en paralelo Imprimir Opciones de la página

ਹੋਰਾਂ ਰਸੂਲਾਂ ਨੇ ਪੌਲੁਸ ਨੂੰ ਪ੍ਰਵਾਨ ਕੀਤਾ

ਚੌਦਾਂ ਸਾਲਾਂ ਬਾਦ ਮੈਂ ਇੱਕ ਵਾਰ ਫ਼ੇਰ ਯਰੂਸ਼ਲਮ ਗਿਆ। ਮੈਂ ਉੱਥੇ ਬਰਨਬਾਸ ਦੇ ਨਾਲ ਗਿਆ ਅਤੇ ਆਪਣੇ ਸੰਗ ਤੀਤੁਸ ਨੂੰ ਵੀ ਲੈ ਗਿਆ। ਮੈਂ ਇਸ ਲਈ ਗਿਆ ਕਿਉਂ ਕਿ ਪਰਮੇਸ਼ੁਰ ਨੇ ਮੈਨੂੰ ਨਿਰਦੇਸ਼ ਦਿੱਤਾ ਸੀ ਕਿ ਮੈਨੂੰ ਜਾਣਾ ਚਾਹੀਦਾ ਹੈ। ਮੈਂ ਉਨ੍ਹਾਂ ਲੋਕਾਂ ਕੋਲ ਗਿਆ ਜਿਹੜੇ ਵਿਸ਼ਵਾਸੀਆਂ ਦੇ ਆਗੂ ਸਨ। ਜਦੋਂ ਅਸੀਂ ਆਗੂਆਂ ਨਾਲ ਇੱਕਲੇ ਸਾਂ, ਮੈਂ ਉਨ੍ਹਾਂ ਗੈਰ ਯਹੂਦੀਆਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਮੈਂ ਚਾਹੁੰਦਾ ਸੀ ਕਿ ਇਹ ਲੋਕ ਮੇਰੇ ਕਾਰਜ ਨੂੰ ਸਮਝ ਲੈਣ ਤਾਂ ਜੋ ਮੇਰਾ ਪਹਿਲਾਂ ਕੀਤਾ ਹੋਇਆ ਕਾਰਜ ਅਤੇ ਹੁਣ ਦਾ ਕਾਰਜ ਵਿਅਰਥ ਨਾ ਜਾਵੇ।

3-4 ਮੇਰੇ ਨਾਲ ਤੀਤੁਸ ਵੀ ਸੀ। ਤੀਤੁਸ ਇੱਕ ਯੂਨਾਨੀ ਹੈ। ਪਰ ਇਨ੍ਹਾਂ ਆਗੂਆਂ ਨੇ ਤੀਤੁਸ ਨੂੰ ਵੀ ਸੁੰਨਤ ਕਰਨ ਤੇ ਮਜਬੂਰ ਨਹੀਂ ਕੀਤਾ। ਇਨ੍ਹਾਂ ਗੱਲਾਂ ਬਾਰੇ ਗੱਲ ਕਰਨੀ ਸਾਡੇ ਲਈ ਜ਼ਰੂਰੀ ਹੈ ਕਿਉਂ ਕਿ ਕੁਝ ਨਕਲੀ ਭਰਾ ਚੋਰੀ ਛੁੱਪੇ ਸਾਡੇ ਸਮੂਹ ਅੰਦਰ ਆ ਵੜੇ ਸਨ। ਉਹ ਜਸੂਸਾਂ ਦੀ ਤਰ੍ਹਾਂ ਮਸੀਹ ਯਿਸੂ ਵਿੱਚ ਸਾਡੀ ਸੁਤੰਤਰਤਾ ਬਾਰੇ ਜਾਣ ਗਏ ਸਨ। ਪਰ ਅਸੀਂ ਆਪਣੇ ਆਪ ਨੂੰ ਇੱਕ ਘੜੀ ਲਈ ਵੀ ਇਨ੍ਹਾਂ ਝੂਠੇ ਭਰਾਵਾਂ ਦੀਆਂ ਮੰਗਾਂ ਦੇ ਹਵਾਲੇ ਨਹੀਂ ਕੀਤਾ। ਅਸੀਂ ਤਾਂ ਖੁਸ਼ਖਬਰੀ ਦੇ ਸੱਚ ਨੂੰ ਤੁਹਾਡੇ ਲਈ ਬਨਾਉਣਾ ਚਾਹੁੰਦੇ ਹਾਂ।

ਜਿਹੜੇ ਲੋਕ ਮਹੱਤਵਪੂਰਣ ਲੱਗਦੇ ਹਨ ਉਨ੍ਹਾਂ ਨੇ ਖੁਸ਼ਖਬਰੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਿਸਦਾ ਮੈਂ ਪ੍ਰਚਾਰ ਕਰ ਰਿਹਾ ਸਾਂ। ਮੇਰੇ ਲਈ ਇਸ ਗੱਲ ਦਾ ਕੋਈ ਅਰਥ ਨਹੀਂ ਸੀ ਕਿ ਉਹ “ਮਹੱਤਵਪੂਰਣ” ਹਨ, ਜਾਂ ਨਹੀਂ। ਪਰਮੇਸ਼ੁਰ ਲਈ ਸਾਰੇ ਮਨੁੱਖ ਬਰਾਬਰ ਹਨ। ਪਰ ਇਨ੍ਹਾਂ ਆਗੂਆਂ ਨੇ ਦੇਖਿਆ ਕਿ ਪਰਮੇਸ਼ੁਰ ਨੇ ਮੈਨੂੰ ਪਤਰਸ ਵਾਂਗ ਹੀ ਕੋਈ ਖਾਸ ਕਾਰਜ ਦਿੱਤਾ ਹੈ। ਪਰਮੇਸ਼ੁਰ ਨੇ ਪਤਰਸ ਨੂੰ ਯਹੂਦੀਆਂ ਨੂੰ ਖੁਸ਼ਖਬਰੀ ਦੇਣ ਦਾ ਕਾਰਜ ਦਿੱਤਾ ਸੀ। ਪਰ ਮੈਨੂੰ ਪਰਮੇਸ਼ੁਰ ਨੇ ਗੈਰ ਯਹੂਦੀ ਲੋਕਾਂ ਨੂੰ ਖੁਸ਼ਖਬਰੀ ਦੇਣ ਦਾ ਕੰਮ ਸੌਂਪਿਆ ਸੀ। ਪਰਮੇਸ਼ੁਰ ਨੇ ਪਤਰਸ ਨੂੰ ਰਸੂਲ ਵਜੋਂ ਕਾਰਜ ਕਰਨ ਦਾ ਅਧਿਕਾਰ ਦਿੱਤਾ ਸੀ। ਪਤਰਸ ਯਹੂਦੀ ਲੋਕਾਂ ਲਈ ਰਸੂਲ ਹੈ। ਪਰਮੇਸ਼ੁਰ ਨੇ ਮੈਨੂੰ ਵੀ ਰਸੂਲ ਵਜੋਂ ਕਾਰਜ ਕਰਨ ਦਾ ਅਧਿਕਾਰ ਦਿੱਤਾ ਸੀ ਪਰ ਮੈਂ ਉਨ੍ਹਾਂ ਲੋਕਾਂ ਦਾ ਰਸੂਲ ਹਾਂ ਜਿਹੜੇ ਯਹੂਦੀ ਨਹੀਂ ਹਨ। ਯਾਕੂਬ ਪਤਰਸ ਅਤੇ ਯੂਹੰਨਾ ਆਗੂ ਦਿਖਾਈ ਦਿੰਦੇ ਸਨ। ਉਨ੍ਹਾਂ ਨੇ ਵੇਖਿਆ ਕਿ ਪਰਮੇਸ਼ੁਰ ਨੇ ਮੇਰੇ ਤੇ ਵੀ ਇਹ ਵਿਸ਼ੇਸ਼ ਕਿਰਪਾ ਕੀਤੀ ਹੈ। ਇਸ ਲਈ ਉਨ੍ਹਾਂ ਨੇ ਮੈਨੂੰ ਅਤੇ ਬਰਨਬਾਸ ਨੂੰ ਪ੍ਰਵਾਨ ਕਰ ਲਿਆ। ਪਤਰਸ ਯਾਕੂਬ ਅਤੇ ਯੂਹੰਨਾ ਨੇ ਆਖਿਆ, “ਪੌਲੁਸ ਤੇ ਬਰਨਾਬਸ ਅਸੀਂ ਇਹ ਮੰਨਦੇ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਕੋਲ ਜਾਓ ਜਿਹੜੇ ਯਹੂਦੀ ਨਹੀਂ ਹਨ। ਅਸੀਂ ਯਹੂਦੀਆਂ ਕੋਲ ਜਾਵਾਂਗੇ।” 10 ਉਨ੍ਹਾਂ ਨੇ ਸਾਨੂੰ ਕੇਵਲ ਇੱਕ ਗੱਲ ਕਰਨ ਲਈ ਆਖਿਆ ਕਿ ਹਮੇਸ਼ਾ ਗਰੀਬਾਂ ਦੀ ਸਹਾਇਤਾ ਕਰਨੀ ਯਾਦ ਰੱਖਣਾ। ਅਤੇ ਇਹੀ ਸੀ, ਜੋ ਮੈਂ ਅਸਲ ਵਿੱਚ ਕਰਨਾ ਚਾਹੁੰਦਾ ਹਾਂ।

ਪੌਲੁਸ ਦਰਸ਼ਾਉਂਦਾ ਹੈ ਕਿ ਪਤਰਸ ਗ਼ਲਤ ਸੀ

11 ਪਤਰਸ ਅੰਤਾਕਿਯਾ ਵਿੱਚ ਆਇਆ। ਉਸ ਨੇ ਕੁਝ ਅਜਿਹਾ ਕੀਤਾ ਜੋ ਠੀਕ ਨਹੀਂ ਸੀ। ਮੈਂ ਆਮ੍ਹੋ-ਸਾਹਮਣੇ ਪਤਰਸ ਦੇ ਵਿਰੁੱਧ ਬੋਲਿਆ ਕਿਉਂ ਕਿ ਉਹ ਗਲਤ ਸੀ। 12 ਇਹ ਉਦੋਂ ਹੋਇਆ ਜਦੋਂ ਪਤਰਸ ਪਹਿਲਾਂ ਪਹਿਲਾਂ ਅੰਤਾਕਿਯਾ ਵਿੱਚ ਆਇਆ। ਉਸ ਨੇ ਗੈਰ ਯਹੂਦੀ ਲੋਕਾਂ ਨਾਲ ਦੋਸਤੀ ਕੀਤੀ ਅਤੇ ਭੋਜਨ ਸਾਂਝਾ ਕੀਤਾ। ਪਰ ਫ਼ੇਰ ਕੁਝ ਯਹੂਦੀ ਲੋਕ ਯਾਕੂਬ ਵੱਲੋਂ ਆਏ। ਜਦੋਂ ਇਹ ਯਹੂਦੀ ਆਏ ਤਾਂ ਪਤਰਸ ਨੇ ਗੈਰ ਯਹੂਦੀਆਂ ਨਾਲ ਖਾਣਾ ਛੱਡ ਦਿੱਤਾ। ਪਤਰਸ ਨੇ ਆਪਣੇ ਆਪ ਨੂੰ ਗੈਰ ਯਹੂਦੀਆਂ ਤੋਂ ਵੱਖ ਕਰ ਲਿਆ। ਉਹ ਉਨ੍ਹਾਂ ਯਹੂਦੀਆਂ ਤੋਂ ਡਰਦਾ ਸੀ ਜਿਹੜੇ ਇਸ ਗੱਲ ਵਿੱਚ ਵਿਸ਼ਵਾਸ ਕਰਦੇ ਸਨ ਕਿ ਸਾਰੇ ਗੈਰ ਯਹੂਦੀ ਲੋਕਾਂ ਦੀ ਸੁੰਨਤ ਹੋਣੀ ਚਾਹੀਦੀ ਹੈ। 13 ਇਸ ਲਈ ਪਤਰਸ ਪੱਖੰਡੀ ਸੀ। ਹੋਰ ਯਹੂਦੀ ਵਿਸ਼ਵਾਸੀ ਵੀ ਪਤਰਸ ਨਾਲ ਰਲ ਗਏ। ਇਸ ਲਈ ਉਹ ਵੀ ਪਾਖੰਡੀ ਸਨ। ਬਰਨਬਾਸ ਵੀ ਉਨ੍ਹਾਂ ਯਹੂਦੀਆਂ ਤੋਂ ਪ੍ਰਭਾਵਿਤ ਸੀ ਅਤੇ ਉਹ ਵੀ ਇੱਕ ਕਪਟੀ ਸੀ। 14 ਮੈਂ ਦੇਖ ਲਿਆ ਕਿ ਯਹੂਦੀ ਕੀ ਕਰਦੇ ਸਨ। ਉਹ ਖੁਸ਼ਖਬਰੀ ਦੇ ਸੱਚ ਉੱਪਰ ਨਹੀਂ ਤੁਰ ਰਹੇ ਸਨ। ਇਸੇ ਲਈ ਮੈਂ ਪਤਰਸ ਨਾਲ ਇੰਝ ਗੱਲ ਕੀਤੀ ਤਾਂ ਕਿ ਹੋਰ ਸਾਰੇ ਯਹੂਦੀ ਵੀ ਮੇਰੀ ਗੱਲ ਸੁਣ ਲੈਣ। ਮੈਂ ਇਹ ਆਖਿਆ, “ਪਤਰਸ ਤੂੰ ਯਹੂਦੀ ਹੈਂ। ਪਰ ਤੂੰ ਇੱਕ ਯਹੂਦੀ ਵਾਂਗ ਨਹੀਂ ਰਹਿੰਦਾ। ਤੂੰ ਤਾਂ ਗੈਰ ਯਹੂਦੀ ਵਾਂਗ ਰਹਿੰਦਾ ਹੈਂ। ਇਸ ਲਈ ਤੂੰ ਹੁਣ ਗੈਰ ਯਹੂਦੀਆਂ ਨੂੰ ਯਹੂਦੀਆਂ ਵਾਂਗ ਰਹਿਣ ਲਈ ਕਿਉਂ ਮਜਬੂਰ ਕਰ ਰਿਹਾ ਹੈਂ?”

15 ਅਸੀਂ ਯਹੂਦੀ ਪਾਪੀ ਗੈਰ ਯਹੂਦੀਆਂ ਵਾਂਗ ਪੈਦਾ ਨਹੀਂ ਹੋਏ ਸੀ। ਅਸੀਂ ਯਹੂਦੀਆਂ ਵਾਂਗ ਪੈਦਾ ਹੋਏ ਸਾਂ। 16 ਅਸੀਂ ਜਾਣਦੇ ਹਾਂ ਕਿ ਕੋਈ ਵਿਅਕਤੀ ਸਿਰਫ਼ ਨੇਮ ਦਾ ਅਨੁਸਰਣ ਕਰਕੇ ਧਰਮੀ ਨਹੀਂ ਬਣ ਸੱਕਦਾ। ਇਹ ਯਿਸੂ ਮਸੀਹ ਵਿੱਚ ਵਿਸ਼ਵਾਸ ਹੀ ਹੈ ਜੋ ਕਿਸੇ ਵਿਅਕਤੀ ਨੂੰ ਧਰਮੀ ਬਣਾਉਂਦਾ ਹੈ। ਇਸ ਲਈ ਅਸੀਂ ਯਿਸੂ ਮਸੀਹ ਵਿੱਚ ਆਪਣਾ ਵਿਸ਼ਵਾਸ ਪਾਇਆ ਹੈ ਕਿਉਂਕਿ ਅਸੀਂ ਪਰਮੇਸ਼ੁਰ ਨਾਲ ਧਰਮੀ ਹੋਣਾ ਚਾਹੁੰਦੇ ਹਾਂ। ਅਸੀਂ ਪਰਮੇਸ਼ੁਰ ਨਾਲ ਧਰਮੀ ਹਾਂ ਕਿਉਂ ਜੋ ਅਸੀਂ ਮਸੀਹ ਉੱਤੇ ਵਿਸ਼ਵਾਸ ਕੀਤਾ ਨਾ ਕਿ ਇਸ ਲਈ ਕਿ ਅਸੀਂ ਨੇਮ ਉੱਤੇ ਚੱਲੇ। ਇਹ ਠੀਕ ਹੈ ਕਿ ਕੋਈ ਵੀ ਵਿਅਕਤੀ ਨੇਮ ਉੱਤੇ ਚੱਲ ਕੇ ਧਰਮੀ ਨਹੀਂ ਹੋ ਸੱਕਦਾ।

17 ਅਸੀਂ ਯਹੂਦੀਆਂ ਦੇ ਮਸੀਹ ਨੂੰ ਅਪਨਾਇਆ ਤਾਂ ਜੋ ਅਸੀਂ ਧਰਮੀ ਬਣਾਏ ਜਾਈਏ। ਇਸ ਲਈ ਇਹ ਸਪੱਸ਼ਟ ਹੈ ਕਿ ਅਸੀਂ ਵੀ ਪਾਪੀ ਸਾਂ। ਕੀ ਇਸਦਾ ਭਾਵ ਇਹ ਹੈ ਕਿ ਮਸੀਹ ਸਾਨੂੰ ਪਾਪੀ ਬਣਾਉਂਦਾ ਹੈ? ਬਿਲਕੁਲ ਨਹੀਂ। 18 ਸੱਚਮੁੱਚ, ਮੈਂ ਗਲਤ ਹੋ ਸੱਕਦਾ ਹਾਂ ਜੇ ਮੈਂ ਫ਼ਿਰ ਤੋਂ ਉਨ੍ਹਾਂ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿਆਂ ਜੋ ਮੈਂ ਛੱਡ ਦਿੱਤੇ ਸਨ। 19 ਮੈਂ ਨੇਮ ਲਈ ਜਿਉਣਾ ਛੱਡ ਦਿੱਤਾ। ਇਹ ਨੇਮ ਹੀ ਸੀ ਜਿਸਨੇ ਮੈਨੂੰ ਮਾਰ ਦਿੱਤਾ ਸੀ। ਮੈਂ ਨੇਮ ਖਾਤਰ ਇਸ ਲਈ ਮਰਿਆ ਤਾਂ ਜੋ ਹੁਣ ਮੈਂ ਪਰਮੇਸ਼ੁਰ ਲਈ ਜਿਉਂ ਸੱਕਾਂ। ਮੈਨੂੰ ਮਸੀਹ ਨਾਲ ਹੀ ਸਲੀਬ ਦਿੱਤੀ ਗਈ ਸੀ। 20 ਇਸ ਲਈ ਜਿਹੜਾ ਜੀਵਨ ਮੈਂ ਹੁਣ ਜਿਉਂ ਰਿਹਾ ਹਾਂ ਉਹ ਮੇਰਾ ਨਹੀਂ ਹੈ। ਉਹ ਤਾਂ ਮੇਰੇ ਅੰਦਰ ਮਸੀਹ ਜਿਉਂ ਰਿਹਾ ਹੈ। ਮੈਂ ਹਾਲੇ ਵੀ ਆਪਣੇ ਸਰੀਰ ਵਿੱਚ ਜਿਉਂਦਾ ਹਾਂ ਪਰ ਮੈਂ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰਾਹੀਂ ਜਿਉਂਦਾ ਹਾਂ। ਉਸ ਨੇ ਮੈਨੂੰ ਪਿਆਰ ਕੀਤਾ ਅਤੇ ਮੈਨੂੰ ਬਚਾਉਣ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। 21 ਇਹ ਦਾਤ ਪਰਮੇਸ਼ੁਰ ਵੱਲੋਂ ਹੈ ਅਤੇ ਇਹ ਮੇਰੇ ਲਈ ਬਹੁਤ ਮਹੱਤਵਪੂਰਣ ਹੈ। ਕਿਉਂਕਿ ਜੇਕਰ ਨੇਮ ਹੀ ਸਾਨੂੰ ਧਰਮੀ ਬਣਾ ਸੱਕਦਾ ਹੁੰਦਾ, ਤਾਂ ਫ਼ੇਰ ਮਸੀਹ ਦੇ ਮਰਨ ਦਾ ਕੋਈ ਕਾਰਣ ਹੀ ਨਾ ਹੁੰਦਾ।