Add parallel Print Page Options

ਮੂਸਾ ਇਸਰਾਏਲ ਦੇ ਲੋਕਾਂ ਨਾਲ ਗੱਲ ਕਰਦਾ ਹੈ

ਇਹ ਉਹ ਸੰਦੇਸ਼ ਹੈ ਜਿਹੜਾ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਦਿੱਤਾ। ਉਸ ਨੇ ਇਹ ਗੱਲਾਂ ਉਦੋਂ ਆਖੀਆਂ ਜਦੋਂ ਉਹ ਯਰਦਨ ਦੀ ਵਾਦੀ ਵਿੱਚ ਮਾਰੂਥਲ ਅੰਦਰ ਸਨ ਜੋ ਕਿ ਯਰਦਨ ਨਦੀ ਦੇ ਪੂਰਬ ਵੱਲ ਹੈ। ਇਹ ਜਗ਼੍ਹਾ ਸੂਫ਼ ਦੇ ਦੂਸਰੇ ਪਾਸੇ, ਪਾਰਾਨ ਪਰਬਤ, ਤੋਂਫ਼ਲ, ਲਾਬਾਨ ਹਸੇਰੋਥ ਅਤੇ ਦੀਜ਼ਾਹਾਬ ਦੇ ਵਿੱਚਕਾਰ ਸੀ।

ਹੋਰੇਬ ਪਰਬਤ ਤੋਂ ਸੇਈਰ ਪਰਬਤਾਂ ਰਾਹੀਂ ਕਾਦੇਸ਼ ਬਰਨੇਆ ਦਾ ਸਫ਼ਰ ਸਿਰਫ਼ 11 ਦਿਨਾਂ ਦਾ ਹੈ। ਇੱਥੇ ਪਹੁੰਚਣ ਨੂੰ ਇਸਰਾਏਲ ਦੇ ਲੋਕਾਂ ਨੂੰ ਮਿਸਰ ਨੂੰ ਛੱਡਣ ਤੋਂ ਬਾਦ 40 ਸਾਲ ਲੱਗੇ। 40ਵੇਂ ਸਾਲ ਦੇ 11ਵੇਂ ਮਹੀਨੇ ਦੇ ਪਹਿਲੇ ਦਿਨ ਨੂੰ ਮੂਸਾ ਨੇ ਲੋਕਾਂ ਨਾਲ ਗੱਲ ਕੀਤੀ ਅਤੇ ਉਹ ਸਾਰੀਆਂ ਗੱਲਾਂ ਆਖੀਆਂ ਜਿਨ੍ਹਾਂ ਦਾ ਯਹੋਵਾਹ ਨੇ ਉਸ ਨੂੰ ਆਖਣ ਦਾ ਹੁਕਮ ਦਿੱਤਾ ਸੀ। ਇਹ ਯਹੋਵਾਹ ਦੇ ਸੀਹੋਨ ਅਤੇ ਓਗ ਨੂੰ ਹਰਾਉਣ ਤੋਂ ਬਾਦ ਵਾਪਰਿਆ। (ਸੀਹੋਨ ਅਮੋਰੀਆਂ ਦਾ ਰਾਜਾ ਸੀ, ਜੋ ਕਿ ਹਸ਼ਬੋਨ ਵਿੱਚ ਹਕੂਮਤ ਕਰਦਾ ਸੀ। ਓਗ ਬਾਸ਼ਾਨ ਦਾ ਰਾਜਾ ਸੀ। ਜੋ ਕਿ ਅਸ਼ਤਾਰੋਥ ਅਤੇ ਅਦਰਈ ਵਿੱਚ ਹਕੂਮਤ ਕਰਦਾ ਸੀ।) ਇਸਰਾਏਲ ਦੇ ਲੋਕ ਮੋਆਬ ਦੀ ਧਰਤੀ ਉੱਤੇ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਸਨ, ਅਤੇ ਮੂਸਾ ਨੇ ਉਹ ਗੱਲਾਂ ਸਮਝਾਉਣੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਦਾ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ। ਮੂਸਾ ਨੇ ਆਖਿਆ:

“ਹੋਰੇਬ ਪਰਬਤ ਵਿਖੇ ਯਹੋਵਾਹ, ਸਾਡੇ ਪਰਮੇਸ਼ੁਰ, ਨੇ ਸਾਡੇ ਨਾਲ ਗੱਲ ਕੀਤੀ। ਉਸ ਨੇ ਆਖਿਆ, ‘ਤੁਸੀਂ ਕਾਫ਼ੀ ਲੰਮੇ ਸਮੇਂ ਤੀਕ ਇਸ ਪਰਬਤ ਉੱਤੇ ਰਹਿ ਚੁੱਕੇ ਹੋਂ। ਉਸ ਪਹਾੜੀ ਪ੍ਰਦੇਸ਼ ਵਿੱਚ ਜਾਓ ਜਿੱਥੇ ਅਮੋਰੀ ਲੋਕ ਰਹਿੰਦੇ ਹਨ। ਉਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਥਾਵਾਂ ਉੱਤੇ ਜਾਓ। ਯਰਦਨ ਵਾਦੀ, ਪਹਾੜੀ ਪ੍ਰਦੇਸ਼, ਪੱਛਮੀ ਢਲਾਵਾਂ, ਨਿਜੀਵ ਅਤੇ ਸਮੁੰਦਰੀ ਤੱਟ ਵੱਲ ਜਾਓ। ਕਨਾਨ ਅਤੇ ਲਬਾਨੋਨ ਦੀ ਧਰਤੀ ਤੋਂ ਹੁੰਦੇ ਹੋਏ ਮਹਾਂਨਦੀ ਫ਼ਰਾਤ ਤੀਕ ਜਾਓ। ਦੇਖੋ, ਮੈਂ ਤੁਹਾਨੂੰ ਉਹ ਧਰਤੀ ਦੇ ਰਿਹਾ ਹਾਂ। ਜਾਓ ਅਤੇ ਇਸ ਨੂੰ ਹਾਸਿਲ ਕਰੋ। ਮੈਂ ਇਹ ਧਰਤੀ ਤੁਹਾਡੇ ਪੁਰਖਿਆਂ-ਅਬਰਾਹਾਮ, ਇਸਹਾਕ ਅਤੇ ਯਾਕੂਬ-ਨੂੰ ਦੇਣ ਦਾ ਇਕਰਾਰ ਕੀਤਾ ਸੀ। ਮੈਂ ਇਹ ਧਰਤੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ।’”

ਮੂਸਾ ਆਗੂਆਂ ਦੀ ਚੋਣ ਕਰਦਾ ਹੈ

“ਉਸ ਸਮੇਂ, ਮੈਂ ਤੁਹਾਨੂੰ ਆਖਿਆ ਸੀ ਕਿ ‘ਮੈਂ ਖੁਦ ਤੁਹਾਡੀ ਦੇਖ-ਭਾਲ ਨਹੀਂ ਕਰ ਸੱਕਿਆ ਸਾਂ। 10 ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਲੋਕਾਂ ਨੂੰ ਬਹੁਤ ਵੱਧਾ ਦਿੱਤਾ ਹੈ, ਇਸ ਲਈ ਹੁਣ ਤੁਸੀਂ ਗਿਣਤੀ ਵਿੱਚ ਇੰਨੇ ਹੋ ਜਿੰਨੇ ਕਿ ਅਕਾਸ਼ ਵਿੱਚ ਤਾਰੇ ਹਨ। 11 ਯਹੋਵਾਹ, ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਤੁਹਾਨੂੰ ਹੁਣ ਨਾਲੋਂ 1,000 ਗੁਣਾ ਹੋਰ ਵੱਧਾ ਦੇਵੇ ਅਤੇ ਉਹ ਤੁਹਾਨੂੰ ਆਪਣੇ ਇਕਰਾਰ ਅਨੁਸਾਰ ਅਸੀਸ ਦੇਵੇ! 12 ਪਰ ਮੈਂ ਇੱਕਲਿਆਂ ਤੁਹਾਡੀ ਦੇਖ-ਭਾਲ ਨਹੀਂ ਕਰ ਸੱਕਿਆ ਸਾਂ ਅਤੇ ਤੁਹਾਡੀਆਂ ਸਾਰੀਆਂ ਸਮੱਸਿਆਵਾਂ, ਕਸ਼ਟ ਅਤੇ ਦਲੀਲਾਂ ਨਹੀਂ ਸੁਲਝਾ ਸੱਕਦਾ ਸਾਂ। 13 ਇਸ ਲਈ ਮੈਂ ਤੁਹਾਨੂੰ ਆਖਿਆ ਸੀ: ਹਰੇਕ ਪਰਿਵਾਰ-ਸਮੂਹ ਵਿੱਚੋਂ ਕੁਝ ਬੰਦੇ ਚੁਣ ਲਵੋ, ਅਤੇ ਮੈਂ ਉਨ੍ਹਾਂ ਨੂੰ ਤੁਹਾਡੇ ਆਗੂ ਬਣਾ ਦਿਆਂਗਾ। ਉਨ੍ਹਾਂ ਸਿਆਣੇ ਬੰਦਿਆਂ ਦੀ ਚੋਣ ਕਰੋ ਜਿਨ੍ਹਾਂ ਕੋਲ ਸਮਝ ਅਤੇ ਅਨੁਭਵ ਹੈ।’

14 “ਅਤੇ ਤੁਸੀਂ ਆਖਿਆ ਸੀ, ‘ਇਹ ਗੱਲ ਕਰਨੀ ਚੰਗੀ ਹੈ।’

15 “ਇਸ ਲਈ ਮੈਂ ਤੁਹਾਡੇ ਪਰਿਵਾਰ-ਸਮੂਹਾਂ ਵਿੱਚੋਂ ਚੁਣੇ ਹੋਏ ਸਿਆਣੇ ਅਤੇ ਅਨੁਭਵੀ ਲੋਕਾਂ ਨੂੰ ਲਿਆ ਅਤੇ ਮੈਂ ਉਨ੍ਹਾਂ ਨੂੰ ਤੁਹਾਡੇ ਆਗੂ ਥਾਪ ਦਿੱਤਾ। ਇਸ ਤਰ੍ਹਾਂ ਨਾਲ ਮੈਂ ਤੁਹਾਨੂੰ 1,000 ਲੋਕਾਂ ਦੇ ਆਗੂ, 100 ਲੋਕਾਂ ਦੇ ਆਗੂ, 50 ਲੋਕਾਂ ਦੇ ਆਗੂ ਅਤੇ 10 ਲੋਕਾਂ ਦੇ ਆਗੂ ਦਿੱਤੇ। ਮੈਂ ਤੁਹਾਨੂੰ ਤੁਹਾਡੇ ਹਰੇਕ ਪਰਿਵਾਰ-ਸਮੂਹ ਲਈ ਅਧਿਕਾਰੀ ਦਿੱਤੇ।

16 “ਉਸ ਸਮੇਂ, ਮੈਂ ਉਨ੍ਹਾਂ ਜੱਜਾਂ ਨੂੰ ਆਖਿਆ, ‘ਆਪਣੇ ਲੋਕਾਂ ਦੇ ਝਗੜਿਆਂ ਦੀ ਸੁਣਵਾਈ ਕਰੋ। ਹਰ ਮਾਮਲੇ ਦਾ ਨਿਆਂ ਕਰਨ ਵੇਲੇ ਨਿਰਪੱਖ ਹੋਵੋ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਝਗੜਾ ਦੋ ਇਸਰਾਏਲੀ ਬੰਦਿਆਂ ਵਿੱਚਕਾਰ ਹੈ ਜਾਂ ਕਿਸੇ ਇਸਰਾਏਲੀ ਅਤੇ ਵਿਦੇਸ਼ੀ ਵਿੱਚਕਾਰ ਹੈ। ਤੁਹਾਨੂੰ ਹਰੇਕ ਬਾਰੇ ਨਿਰਪੱਖਤਾ ਨਾਲ ਇਨਸਾਫ਼ ਕਰਨਾ ਚਾਹੀਦਾ ਹੈ। 17 ਜਦੋਂ ਤੁਸੀਂ ਇਨਸਾਫ਼ ਕਰੋ ਤਾਂ ਇਹ ਨਾ ਸੋਚੋ ਕਿ ਕੋਈ ਇੱਕ ਬੰਦਾ ਕਿਸੇ ਦੂਸਰੇ ਬੰਦੇ ਨਾਲੋਂ ਵੱਧੇਰੇ ਮਹੱਤਵਪੂਰਣ ਹੈ। ਤੁਹਾਨੂੰ ਹਰ ਬੰਦੇ ਨਾਲ ਇੱਕੋ ਜਿਹਾ ਇਨਸਾਫ਼ ਕਰਨਾ ਚਾਹੀਦਾ ਹੈ। ਕਿਸੇ ਕੋਲੋਂ ਵੀ ਨਾ ਡਰੋ, ਕਿਉਂਕਿ ਤੁਹਾਡਾ ਫ਼ੈਸਲਾ ਪਰਮੇਸ਼ੁਰ ਵੱਲੋਂ ਹੈ। ਪਰ ਜੇ ਕੋਈ ਮਾਮਲਾ ਤੁਹਾਡੇ ਲਈ ਇਨਸਾਫ਼ ਕਰਨ ਵਿੱਚ ਮੁਸ਼ਕਿਲ ਹੈ, ਤਾਂ ਉਸ ਨੂੰ ਮੇਰੇ ਕੋਲ ਲਿਆਵੋ ਅਤੇ ਮੈਂ ਇਸਦਾ ਇਨਸਾਫ਼ ਕਰਾਂਗਾ।’ 18 ਉਸੇ ਵੇਲੇ, ਮੈਂ ਤੁਹਾਨੂੰ ਉਹ ਸਭ ਕਾਸੇ ਦਾ ਹੁਕਮ ਦਿੱਤਾ ਸੀ ਜੋ ਤੁਹਾਨੂੰ ਕਰਨਾ ਚਾਹੀਦਾ।

ਜਾਸੂਸ ਕਨਾਨ ਵੱਲ ਜਾਂਦੇ ਹਨ

19 “ਫ਼ੇਰ ਅਸਾਂ ਆਪਣੇ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਆਗਿਆ ਮੰਨੀ। ਅਸਾਂ ਹੇਰੋਬ ਪਰਬਤ ਨੂੰ ਛੱਡ ਦਿੱਤਾ ਅਤੇ ਅਮੋਰੀ ਲੋਕਾਂ ਦੇ ਪਹਾੜੀ ਪ੍ਰਦੇਸ਼ ਵੱਲ ਚੱਲੇ ਗਏ। ਅਸੀਂ ਉਸ ਵੱਡੇ ਅਤੇ ਭਿਆਨਕ ਮਾਰੂਥਲ ਵਿੱਚੋਂ ਲੰਘੇ ਜਿਸ ਨੂੰ ਤੁਸੀਂ ਦੇਖਿਆ। ਅਸੀਂ ਕਾਦੇਸ਼ ਬਰਨੇਆ ਆ ਗਏ। 20 ਫ਼ੇਰ ਮੈਂ ਤੁਹਾਨੂੰ ਆਖਿਆ, ‘ਤੁਸੀਂ ਹੁਣ ਅਮੋਰੀ ਲੋਕਾਂ ਦੇ ਪਹਾੜੀ ਪ੍ਰਦੇਸ਼ ਵਿੱਚ ਆ ਪਹੁੰਚੇ ਹੋ। ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਇਹ ਧਰਤੀ ਦੇ ਦੇਵੇਗਾ। 21 ਵੇਖੋ! ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਧਰਤੀ ਦੇ ਰਿਹਾ ਹੈ! ਜਾਓ ਅਤੇ ਇਸ ਧਰਤੀ ਨੂੰ ਆਪਣੇ ਲਈ ਹਾਸਿਲ ਕਰ ਲਵੋ! ਯਹੋਵਾਹ, ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਇਹ ਕਰਨ ਲਈ ਆਖਿਆ ਹੈ। ਡਰੋ ਨਹੀਂ, ਅਤੇ ਕਿਸੇ ਗੱਲ ਦੀ ਚਿੰਤਾ ਨਾ ਕਰੋ।’

22 “ਪਰ ਤੁਸੀਂ ਸਾਰੇ ਮੇਰੇ ਕੋਲ ਆਏ ਅਤੇ ਆਖਿਆ, ‘ਆਓ, ਆਪਾਂ ਕੁਝ ਲੋਕਾਂ ਨੂੰ ਧਰਤੀ ਦੇਖਣ ਲਈ ਭੇਜੀਏ। ਤਾਂ ਉਹ ਵਾਪਸ ਆਕੇ ਸਾਨੂੰ ਦੱਸ ਸੱਕਣਗੇ, ਸਾਨੂੰ ਕਿਸ ਰਸਤੇ ਜਾਣਾ ਚਾਹੀਦਾ ਅਤੇ ਉਨ੍ਹਾਂ ਨਗਰਾਂ ਬਾਰੇ ਜਿੱਥੇ ਆਪਾਂ ਜਾਣਾ ਹੈ।’

23 “ਮੈਂ ਸੋਚਿਆ ਕਿ ਇਹ ਚੰਗਾ ਵਿੱਚਾਰ ਸੀ। ਇਸ ਲਈ ਮੈਂ ਤੁਹਾਡੇ ਵਿੱਚੋਂ ਬਾਰ੍ਹਾਂ ਬੰਦੇ ਚੁਣੇ, ਹਰੇਕ ਪਰਿਵਾਰ-ਸਮੂਹ ਵਿੱਚੋਂ ਇੱਕ ਬੰਦਾ। 24 ਫ਼ੇਰ ਉਹ ਬੰਦੇ ਚੱਲੇ ਗਏ ਅਤੇ ਪਹਾੜੀ ਦੇਸ਼ ਨੂੰ ਗਏ। ਉਹ ਅਸ਼ਕੋਲ ਦੀ ਵਾਦੀ ਨੂੰ ਆਏ ਅਤੇ ਇਸਦੀ ਛਾਣ-ਬੀਨ ਕੀਤੀ। 25 ਉਨ੍ਹਾਂ ਨੇ ਉਸ ਧਰਤੀ ਤੋਂ ਕੁਝ ਫ਼ਲ ਇਕੱਠੇ ਕੀਤੇ ਅਤੇ ਸਾਡੇ ਕੋਲ ਵਾਪਸ ਲੈ ਕੇ ਆ ਗਏ। ਉਨ੍ਹਾਂ ਨੇ ਸਾਨੂੰ ਉਸ ਧਰਤੀ ਬਾਰੇ ਦੱਸਿਆ। ਉੱਨ੍ਹਾਂ ਨੇ ਆਖਿਆ, ‘ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਚੰਗੀ ਧਰਤੀ ਦੇ ਰਿਹਾ ਹੈ।’

26 “ਪਰ ਤੁਸੀਂ ਉਸ ਧਰਤੀ ਵੱਲ ਜਾਣ ਤੋਂ ਇਨਕਾਰ ਕਰ ਦਿੱਤਾ। ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਆਗਿਆ ਮੰਨਣ ਤੋਂ ਇਨਕਾਰ ਕਰ ਦਿੱਤਾ। 27 ਤੁਸੀਂ ਆਪਣੇ ਤੰਬੂਆਂ ਅੰਦਰ ਚੱਲੇ ਗਏ ਅਤੇ ਸ਼ਿਕਾਇਤਾਂ ਕਰਨ ਲੱਗ ਪਏ। ਤੁਸੀਂ ਆਖਿਆ, ‘ਯਹੋਵਾਹ ਸਾਨੂੰ ਨਫ਼ਰਤ ਕਰਦਾ ਹੈ। ਉਹ ਸਾਨੂੰ ਮਿਸਰ ਦੀ ਧਰਤੀ ਤੋਂ ਸਿਰਫ਼ ਇਸ ਲਈ ਬਾਹਰ ਲੈ ਕੇ ਆਇਆ ਕਿ ਅਮੋਰੀ ਲੋਕ ਸਾਨੂੰ ਤਬਾਹ ਕਰ ਸੱਕਣ! 28 ਹੁਣ ਅਸੀਂ ਕਿੱਥੇ ਜਾ ਸੱਕਦੇ ਹਾਂ? ਸਾਡੇ ਰਿਸ਼ਤੇਦਾਰਾਂ (ਜਾਸੂਸਾਂ) ਨੇ ਸਾਨੂੰ ਇਹ ਆਖਕੇ ਭੈਭੀਤ ਕਰ ਦਿੱਤਾ: “ਓਥੋਂ ਦੇ ਲੋਕ ਸਾਡੇ ਨਾਲੋਂ ਵੱਡੇਰੇ ਅਤੇ ਲੰਮੇਰੇ ਹਨ! ਸ਼ਹਿਰ ਵੱਡੇ ਹਨ ਅਤੇ ਉਨ੍ਹਾਂ ਦੀਆਂ ਕੰਧਾਂ ਅਕਾਸ਼ ਜਿੰਨੀਆਂ ਉੱਚੀਆਂ ਹਨ ਅਤੇ ਅਸੀਂ ਉੱਥੇ ਦੈਂਤ ਵੀ ਦੇਖੇ ਹਨ।”’

29 “ਇਸ ਲਈ ਮੈਂ ਤੁਹਾਨੂੰ ਆਖਿਆ ਸੀ, ‘ਘਬਰਾਉ ਨਾ! ਉਨ੍ਹਾਂ ਲੋਕਾਂ ਤੋਂ ਭੈਭੀਤ ਨਾ ਹੋਵੋ! 30 ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਅੱਗੇ-ਅੱਗੇ ਜਾਵੇਗਾ ਅਤੇ ਉਨ੍ਹਾਂ ਨਾਲ ਤੁਹਾਡੇ ਲਈ ਲੜੇਗਾ। ਉਹ ਉਹੀ ਗੱਲਾਂ ਕਰੇਗਾ ਜਿਵੇਂ ਉਸ ਨੇ ਮਿਸਰ ਵਿੱਚ ਅਤੇ ਮਾਰੂਥਲ ਵਿੱਚ ਤੁਹਾਡੀਆਂ ਅੱਖਾਂ ਸਾਹਮਣੇ ਕੀਤੀਆਂ ਸਨ। 31 ਤੁਸੀਂ ਮਾਰੂਥਲ ਵਿੱਚ ਵੇਖਿਆ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਇੰਝ ਚੁੱਕਿਆ ਜਿਵੇਂ ਕੋਈ ਪਿਤਾ ਆਪਣੇ ਪੁੱਤਰ ਨੂੰ ਚੁੱਕਦਾ ਅਤੇ ਤੁਹਾਨੂੰ ਇੱਥੇ ਸੁਰੱਖਿਆ ਨਾਲ ਲਿਆਂਦਾ।’

32 “ਪਰ ਤੁਸੀਂ ਫ਼ੇਰ ਵੀ ਯਹੋਵਾਹ, ਆਪਣੇ ਪਰਮੇਸ਼ੁਰ, ਵਿੱਚ ਭਰੋਸਾ ਨਹੀਂ ਕੀਤਾ! 33 ਜਿੱਥੇ ਕਿਤੇ ਵੀ ਤੁਸੀਂ ਸਫ਼ਰ ਕੀਤਾ ਉਹ ਤੁਹਾਡੇ ਅੱਗੇ-ਅੱਗੇ ਗਿਆ ਅਤੇ ਤੁਹਾਡੇ ਡੇਰਾ ਲਾਉਣ ਦੀ ਜਗ਼੍ਹਾ ਲੱਭੀ ਤੁਹਾਨੂੰ ਰਸਤਾ ਵਿਖਾਉਣ ਲਈ ਕਿ ਤੁਸੀਂ ਕਿਸ ਰਾਹ ਜਾਣਾ ਸੀ ਉਹ ਰਾਤ ਵੇਲੇ ਅੱਗ ਵਿੱਚ ਅਤੇ ਦਿਨ ਵੇਲੇ ਬੱਦਲ ਵਿੱਚ ਗਿਆ।

ਲੋਕਾਂ ਨੂੰ ਕਨਾਨ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ

34 “ਜੋ ਤੁਸੀਂ ਆਖਿਆ, ਉਸ ਨੂੰ ਯਹੋਵਾਹ ਨੇ ਸੁਣਿਆ, ਅਤੇ ਉਹ ਬਹੁਤ ਕਰੋਧਵਾਨ ਹੋ ਗਿਆ। ਉਸ ਨੇ ਕਰੜੀ ਸੌਂਹ ਚੁੱਕੀ। ਉਸ ਨੇ ਆਖਿਆ, 35 ‘ਤੁਹਾਡੇ ਜਿਹੇ ਬੁਰੇ ਬੰਦਿਆਂ ਵਿੱਚੋਂ ਜਿਹੜੇ ਹੁਣ ਜੀਵਿਤ ਹੋ, ਕੋਈ ਵੀ ਉਸ ਚੰਗੀ ਧਰਤੀ ਵਿੱਚ ਨਹੀਂ ਜਾਵੇਗਾ ਜਿਸਦਾ ਮੈਂ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। 36 ਸਿਰਫ਼ ਯਫ਼ੁੰਨਹ ਦਾ ਪੁੱਤਰ ਕਾਲੇਬ ਉਸ ਧਰਤੀ ਨੂੰ ਦੇਖੇਗਾ। ਮੈਂ ਕਾਲੇਬ ਨੂੰ ਅਤੇ ਉਸ ਦੇ ਉੱਤਰਾਧਿਕਾਰੀਆਂ ਨੂੰ ਉਹ ਧਰਤੀ ਦੇਵਾਂਗਾ ਜਿਸ ਵਿੱਚ ਉਹ ਚੱਲਿਆ ਸੀ। ਕਿਉਂਕਿ ਕਾਲੇਬ ਨੇ ਉਹ ਸਭ ਕੁਝ ਕੀਤਾ ਜੋ ਮੈਂ ਉਸ ਨੂੰ ਕਰਨ ਲਈ ਕਿਹਾ ਸੀ।’

37 “ਯਹੋਵਾਹ ਤੁਹਾਡੇ ਕਾਰਣ ਮੇਰੇ ਨਾਲ ਵੀ ਗੁੱਸੇ ਸੀ। ਉਸ ਨੇ ਮੈਨੂੰ ਆਖਿਆ, ‘ਮੂਸਾ, ਤੂੰ ਵੀ ਉਸ ਧਰਤੀ ਅੰਦਰ ਦਾਖਲ ਨਹੀਂ ਹੋ ਸੱਕਦਾ। 38 ਪਰ ਤੇਰਾ ਸਹਾਇਕ, ਨੂਨ ਦਾ ਪੁੱਤਰ ਯਹੋਸ਼ੁਆ, ਉਸ ਧਰਤੀ ਅੰਦਰ ਜਾਵੇਗਾ। ਯਹੋਸ਼ੁਆ ਨੂੰ ਹੌਂਸਲਾ ਦੇ, ਕਿਉਂਕਿ ਉਹ ਇਸਰਾਏਲ ਦੇ ਲੋਕਾਂ, ਦੀ ਉਸ ਧਰਤੀ ਨੂੰ ਆਪਣਾ ਬਨਾਉਣ ਵਿੱਚ ਅਗਵਾਈ ਕਰੇਗਾ। 39 ਤੁਸੀਂ ਆਖਿਆ ਸੀ ਕਿ ਤੁਹਾਡੇ ਨਿਆਣਿਆਂ ਨੂੰ ਦੁਸ਼ਮਣ ਲੈ ਜਾਣਗੇ ਪਰ ਉਹ ਬੱਚੇ ਉਸ ਧਰਤੀ ਵਿੱਚ ਦਾਖਲ ਹੋਣਗੇ। ਮੈਂ ਤੁਹਾਡੀਆਂ ਭੁੱਲਾਂ ਦਾ ਇਲਜ਼ਾਮ ਤੁਹਾਡੇ ਬੱਚਿਆਂ ਉੱਤੇ ਨਹੀਂ ਲਾਉਂਦਾ, ਕਿਉਂ ਜੋ ਉਹ ਹਾਲੇ ਕੀ ਸਹੀ ਹੈ ਅਤੇ ਕੀ ਗਲਤ ਹੈ ਤੋਂ ਅਨਜਾਣ ਹੈ। ਇਸ ਲਈ ਮੈਂ ਇਹ ਧਰਤੀ ਉਨ੍ਹਾਂ ਨੂੰ ਦੇਵਾਂਗਾ ਅਤੇ ਉਹ ਇਸ ਧਰਤੀ ਨੂੰ ਆਪਣੀ ਖੁਦ ਦੀ ਬਣਾ ਲੈਣਗੇ। 40 ਪਰ ਤੁਸੀਂ, ਤੁਹਾਨੂੰ ਵਾਪਸ ਪਰਤਨਾ ਪਵੇਗਾ ਅਤੇ ਉਸ ਮਾਰੂਥਲ ਵੱਲ ਜਾਣਾ ਪਵੇਗਾ ਜਿਹੜਾ ਲਾਲ ਸਾਗਰ ਵੱਲ ਜਾਂਦੇ ਰਸਤੇ ਉੱਤੇ ਹੈ।’

41 “ਫ਼ੇਰ ਤੁਸੀਂ ਆਖਿਆ, ‘ਮੂਸਾ, ਅਸੀਂ ਯਹੋਵਾਹ ਦੇ ਖਿਲਾਫ਼ ਗੁਨਾਹ ਕੀਤਾ ਹੈ। ਪਰ ਹੁਣ ਅਸੀਂ ਜਾਵਾਂਗੇ ਅਤੇ ਲੜਾਂਗੇ ਜਿਹਾ ਕਿ ਯਹੋਵਾਹ, ਸਾਡੇ ਪਰਮੇਸ਼ੁਰ, ਨੇ ਪਹਿਲਾਂ ਆਦੇਸ਼ ਦਿੱਤਾ ਹੈ।’

“ਫ਼ੇਰ ਤੁਹਾਡੇ ਵਿੱਚੋਂ ਹਰੇਕ ਨੇ ਹਥਿਆਰ ਪਹਿਨ ਲਈ। ਤੁਸੀਂ ਸੋਚਿਆ ਸੀ ਕਿ ਪਹਾੜੀ ਪ੍ਰਦੇਸ਼ ਵੱਲ ਜਾਣਾ ਅਤੇ ਉਸ ਨੂੰ ਹਾਸਿਲ ਕਰਨਾ ਸੌਖਾ ਹੋਵੇਗਾ। 42 ਪਰ ਯਹੋਵਾਹ ਨੇ ਮੈਨੂੰ ਆਖਿਆ, ‘ਲੋਕਾਂ ਨੂੰ ਆਖ ਕਿ ਉਹ ਉੱਪਰ ਵੱਲ ਨਾ ਜਾਣ ਅਤੇ ਲੜਾਈ ਨਾ ਕਰਨ। ਕਿਉਂ? ਕਿਉਂਕਿ ਮੈਂ ਉਨ੍ਹਾਂ ਦੇ ਅੰਗ-ਸੰਗ ਨਹੀਂ ਹੋਵਾਂਗਾ ਅਤੇ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਹਰਾ ਦੇਣਗੇ!’

43 “ਮੈਂ ਤੁਹਾਡੇ ਨਾਲ ਗੱਲ ਕੀਤੀ, ਪਰ ਤੁਸੀਂ ਨਹੀਂ ਸੁਣਿਆ। ਤੁਸੀਂ ਯਹੋਵਾਹ ਦੇ ਆਦੇਸ਼ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਤੁਸੀਂ ਸੋਚਿਆ ਕਿ ਤੁਸੀਂ ਆਪਣੀ ਤਾਕਤ ਦੀ ਵਰਤੋਂ ਕਰ ਸੱਕੋਂਗੇ। ਇਸ ਲਈ ਤੁਸੀਂ ਪਹਾੜੀ ਪ੍ਰਦੇਸ਼ ਵੱਲ ਉਤਾਂਹ ਨੂੰ ਚੱਲੇ ਗਏ। 44 ਪਰ ਉੱਥੇ ਰਹਿਣ ਵਾਲੇ ਅਮੋਰੀ ਮਖਿਆਲ ਵਾਂਗ ਤੁਹਾਡੇ ਖਿਲਾਫ਼ ਲੜਾਈ ਕਰਨ ਲਈ ਬਾਹਰ ਨਿਕਲ ਆਏ ਅਤੇ ਸੇਈਰ ਤੋਂ ਹਾਰਮਾਹ ਤੀਕ ਤੁਹਾਡਾ ਪਿੱਛਾ ਕੀਤਾ। 45 ਫ਼ੇਰ ਤੁਸੀਂ ਵਾਪਸ ਆ ਗਏ ਅਤੇ ਯਹੋਵਾਹ ਅੱਗੇ ਸਹਾਇਤਾ ਲਈ ਰੋਏ ਕੁਰਲਾਏ। ਪਰ ਯਹੋਵਾਹ ਨੇ ਤੁਹਾਡੀ ਗੱਲ ਸੁਨਣ ਤੋਂ ਇਨਕਾਰ ਕਰ ਦਿੱਤਾ। 46 ਇਸ ਲਈ ਤੁਸੀਂ ਲੰਮਾ ਸਮਾਂ ਕਾਦੇਸ਼ ਵਿਖੇ ਟਿਕੇ ਰਹੇ।