Add parallel Print Page Options

ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਭੁਲਾਇਆ ਨਹੀਂ

11 ਇਸ ਲਈ ਤਾਂ ਮੈਂ ਪੁੱਛਦਾ ਹਾਂ, “ਕੀ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਨਾਮੰਜ਼ੂਰ ਕੀਤਾ?” ਨਹੀਂ। ਮੈਂ ਖੁਦ ਇੱਕ ਇਸਰਾਏਲੀ ਹਾਂ। ਹਾਂ, ਮੈਂ ਅਬਰਾਹਾਮ ਦੇ ਪਰਿਵਾਰ ਅਤੇ ਬਿਨਯਾਮੀਨ ਦੇ ਵੰਸ਼ ਤੋਂ ਹਾਂ। ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਆਪਣੇ ਲੋਕਾਂ ਵਾਂਗ ਉਨ੍ਹਾਂ ਦੇ ਜੰਮਣ ਤੋਂ ਵੀ ਪਹਿਲਾਂ ਚੁਣਿਆ ਤੇ ਉਸ ਨੇ ਉਨ੍ਹਾਂ ਨੂੰ ਨਾਮੰਜ਼ੂਰ ਨਹੀਂ ਕੀਤਾ। ਤੁਸੀਂ ਚੰਗੀ ਤਰ੍ਹਾਂ, ਜਾਣਦੇ ਹੋ ਕਿ ਏਲੀਯਾਹ ਬਾਰੇ ਪੋਥੀਆਂ ਕੀ ਆਖਦੀਆਂ ਹਨ। ਪੋਥੀਆਂ ਏਲੀਯਾਹ ਅਤੇ ਉਸ ਦੀਆਂ ਪਰਮੇਸ਼ੁਰ ਦੇ ਅੱਗੇ ਇਸਰਾਏਲ ਵਿਰੁੱਧ ਪ੍ਰਾਰਥਨਾ ਬਾਰੇ ਦੱਸਦੀਆਂ ਹਨ। ਏਲੀਯਾਹ ਨੇ ਆਖਿਆ ਹੈ “ਪ੍ਰਭੂ। ਲੋਕਾਂ ਨੇ ਤੇਰੇ ਨਬੀਆਂ ਨੂੰ ਜਾਨੋਂ ਮਾਰ ਸੁੱਟਿਆ, ਤੇਰੀਆਂ ਜਗਵੇਦੀਆਂ ਢਾਹ ਸੁੱਟੀਆਂ ਅਤੇ ਮੈਂ ਹੀ ਇੱਕਲਾ ਨਬੀ ਰਹਿ ਗਿਆ ਹਾਂ ਅਤੇ ਉਹ ਹੁਣ ਮੇਰੀ ਜਾਨ ਦੇ ਪਿੱਛੇ ਪਏ ਹੋਏ ਹਨ।” [a] ਪਰ ਪਰੇਮਸ਼ੁਰ ਨੇ ਏਲੀਯਾਹ ਨੂੰ ਬਲਾ ਕੀ ਜਵਾਬ ਦਿੱਤਾ? ਪਰਮੇਸ਼ੁਰ ਨੇ ਆਖਿਆ, “ਮੈਂ ਆਪਣੇ ਲਈ ਸੱਤ ਹਜ਼ਾਰ ਮਨੁੱਖਾਂ ਨੂੰ ਰੱਖ ਛੱਡਿਆ ਹੈ ਜੋ ਅਜੇ ਵੀ ਮੈਨੂੰ ਮੱਥਾ ਟੇਕਦੇ ਹਨ, ਜਿਹੜੇ ਬਆਲ-ਜ਼ਬੂਲ ਅੱਗੇ ਨਹੀਂ ਝੁਕੇ।” [b]

ਇਸੇ ਤਰ੍ਹਾਂ ਹੁਣ ਵੀ ਉੱਥੇ ਕੁਝ ਲੋਕ ਹਨ ਜੋ ਪਰਮੇਸ਼ੁਰ ਦੁਆਰਾ ਉਸਦੀ ਕਿਰਪਾ ਕਾਰਣ ਚੁਣੇ ਗਏ। ਜੇਕਰ ਪਰੇਮਸ਼ੁਰ ਆਪਣੇ ਮਨੁੱਖਾਂ ਨੂੰ ਆਪਣੀ ਕਿਰਪਾ ਕਰਕੇ ਚੁਣੇ, ਤਾਂ ਉਹ ਪਰਮੇਸ਼ੁਰ ਦੇ ਮਨੁੱਖ ਬਣ ਗਏ ਹਨ, ਨਾ ਕਿ ਆਪਣੀ ਕਰਨੀ ਕਾਰਣ। ਜੇਕਰ ਉਹ ਉਨ੍ਹਾਂ ਦੇ ਕੰਮਾਂ ਕਾਰਣ ਧਰਮੀ ਬਣਾਏ ਗਏ ਹਨ, ਫ਼ੇਰ ਪਰਮੇਸ਼ੁਰ ਦੀ ਦਯਾ ਦਾ ਤੋਹਫ਼ਾ ਹੋਰ ਵੱਧੇਰੇ ਤੋਹਫ਼ਾ ਨਾ ਹੁੰਦਾ।

ਤਾਂ ਫ਼ਿਰ ਕੀ ਹੋਇਆ। ਇਸਰਾਏਲ ਦੇ ਲੋਕਾਂ ਨੇ ਧਰਮੀ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮਯਾਬ ਰਹੇ। ਪਰ ਪਰਮੇਸ਼ੁਰ ਦੁਆਰਾ ਚੁਣੇ ਲੋਕ ਧਰਮੀ ਬਣ ਗਏ। ਬਾਕੀ ਲੋਕ ਢੀਠ ਬਣੇ ਰਹੇ ਅਤੇ ਪਰਮੇਸ਼ੁਰ ਨੂੰ ਸੁਣਨ ਤੋਂ ਇਨਕਾਰੀ ਬਣ ਗਏ। ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਗਿਆ ਹੈ,

“ਪਰਮੇਸ਼ੁਰ ਨੇ ਉਨ੍ਹਾਂ ਨੂੰ ਗਹਿਰਾ ਸੌਣ ਦਿੱਤਾ।” (A)

“ਪਰਮੇਸ਼ੁਰ ਨੇ ਉਨ੍ਹਾਂ ਨੂੰ ਸੌਣ ਦਿੱਤਾ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਤਾਂ ਜੋ ਉਹ ਨਾ ਵੇਖ ਸੱਕਣ।
    ਉਸ ਨੇ ਉਨ੍ਹਾਂ ਦੇ ਕੰਨ ਬੰਦ ਕਰ ਦਿੱਤੇ ਤਾਂ ਜੋ ਉਹ ਸੁਣ ਨਾ ਸੱਕਣ।
ਇਹ ਹਾਲੇ ਤੱਕ ਵਾਪਰ ਰਿਹਾ ਹੈ।” (B)

ਅਤੇ ਦਾਊਦ ਆਖਦਾ ਹੈ:

“ਉਨ੍ਹਾਂ ਦੀ ਆਪਣੀ ਦਾਵਤ ਨੂੰ ਉਨ੍ਹਾਂ ਲਈ ਝਾਂਸਾ ਬਣ ਜਾਣ ਦਿਉ।
    ਉਨ੍ਹਾਂ ਨੂੰ ਫ਼ੰਦੇ ਵਿੱਚ ਫ਼ਸ ਜਾਣ ਦਿਉ। ਉਨ੍ਹਾਂ ਨੂੰ ਡਿੱਗਣ ਅਤੇ ਸਜ਼ਾ ਪਾਉਣ ਦਿਉ।
10 ਉਨ੍ਹਾਂ ਦੀਆਂ ਅੱਖਾਂ ਧੁੰਦਲੀਆਂ ਹੋ ਜਾਣ ਤਾਂ ਜੋ ਉਹ ਨਾ ਵੇਖ ਸੱਕਣ
    ਅਤੇ ਉਹ ਹਮੇਸ਼ਾ ਸੰਕਟ ’ਚ ਰਹਿਣ।” (C)

11 ਤਾਂ ਮੈਂ ਪੁੱਛਦਾ ਹਾਂ; ਜਦੋਂ ਯਹੂਦੀ ਡਿੱਗੇ, ਕੀ ਉਸ ਗਿਰਾਵਟ ਨੇ ਉਨ੍ਹਾਂ ਨੂੰ ਤਬਾਹ ਕੀਤਾ? ਨਹੀਂ। ਪਰ ਉਨ੍ਹਾਂ ਦੀ ਗਲਤੀ ਨੇ ਹੋਰਾਂ ਕੌਮਾਂ ਲਈ ਮੁਕਤੀ ਲਿਆਂਦੀ। ਇਹ ਯਹੂਦੀਆਂ ਨੂੰ ਈਰਖਾਲੂ ਬਨਾਉਣ ਲਈ ਵਾਪਰਿਆ। 12 ਯਹੂਦੀਆਂ ਦੀ ਗਲਤੀ ਪੂਰੀ ਦੁਨੀਆਂ ਲਈ ਅਸੀਸਾਂ ਦਾ ਕਾਰਣ ਬਣੀ। ਜੋ ਯਹੂਦੀਆਂ ਨੇ ਗੁਆਇਆ ਗੈਰ-ਯਹੂਦੀਆਂ ਲਈ ਮਹਾਨ ਅਸੀਸਾਂ ਲਿਆਇਆ। ਇਸ ਢੰਗ ਨਾਲ, ਦੁਨੀਆਂ ਵਿੱਚ ਉਦੋਂ ਜਦੋਂ ਯਹੂਦੀ ਉਵੇਂ ਦੇ ਲੋਕ ਬਣ ਗਏ ਜੋ ਪਰਮੇਸ਼ੁਰ ਚਾਹੁੰਦਾ ਕਿ ਉਹ ਹੋਣ ਤਾਂ ਹੋਰ ਵੱਧੇਰੇ ਅਸੀਸਾਂ ਹੋਣਗੀਆਂ।

13 ਹੁਣ ਮੈਂ ਤੁਸਾਂ ਲੋਕਾਂ ਨੂੰ ਆਖ ਰਿਹਾ ਹਾਂ ਜੋ ਕਿ ਹੋਰਾਂ ਕੌਮਾਂ ਤੋਂ ਹਨ। ਮੈਂ ਹੋਰਾਂ ਕੌਮਾਂ ਲਈ ਰਸੂਲ ਹਾਂ, ਸੋ ਜਿਹੜਾ ਮੇਰਾ ਕੰਮ ਹੈ ਜੋ ਜਿੰਨਾ ਚੰਗਾ ਹੋ ਸੱਕੇ ਕਰਨ ਦੀ ਕੋਸ਼ਿਸ਼ ਕਰਾਂਗਾ। 14 ਮੈਨੂੰ ਆਸ ਹੈ, ਮੈਂ ਆਪਣੇ ਲੋਕਾਂ ਨੂੰ ਈਰਖਾਲੂ ਬਣਾ ਸੱਕਦਾ। ਇਸ ਤਰ੍ਹਾਂ, ਮੈਂ ਉਨ੍ਹਾਂ ਵਿੱਚੋਂ ਕੁਝ ਨੂੰ ਬਚਾਉਣ ਵਿੱਚ ਮਦਦ ਕਰਨ ਯੋਗ ਹੋ ਸੱਕਾਂਗਾ। 15 ਪਰਮੇਸ਼ੁਰ ਨੇ ਯਹੂਦੀਆਂ ਤੋਂ ਆਪਣਾ ਮੂੰਹ ਮੋੜ ਲਿਆ। ਜਦੋਂ ਇੰਝ ਹੋਇਆ, ਤਾਂ ਇਹ ਸਪੱਸ਼ਟ ਹੋ ਗਿਆ ਕਿ ਪਰਮੇਸ਼ੁਰ ਪਰਾਈਆਂ ਕੌਮਾਂ ਦੇ ਲੋਕਾਂ ਦਾ ਮਿੱਤਰ ਬਣ ਗਿਆ ਹੈ। ਇਸ ਲਈ ਜਦੋਂ ਪਰਮੇਸ਼ੁਰ ਯਹੂਦੀਆਂ ਨੂੰ ਕਬੂਲਦਾ ਹੈ, ਤਾਂ ਨਿਸ਼ਚਿਤ ਹੀ ਇਹ ਦੁਨੀਆਂ ਲਈ ਮੌਤ ਤੋਂ ਬਾਅਦ ਜ਼ਿੰਦਗੀ ਲਿਆਵੇਗਾ। 16 ਜੇਕਰ ਰੋਟੀ ਦੀ ਪਹਿਲੀ ਗਰਾਹੀ ਪਰਮੇਸ਼ੁਰ ਨੂੰ ਭੇਂਟ ਕੀਤੀ ਜਾਵੇ, ਤਾਂ ਉਹ ਸਾਰੀ ਰੋਟੀ ਪਵਿੱਤਰ ਹੋ ਜਾਂਦੀ ਹੈ। ਜੇਕਰ ਦਰੱਖਤ ਦੀਆਂ ਜੜ੍ਹਾਂ ਪਵਿੱਤਰ ਹਨ, ਤਾਂ ਇਸ ਦੀਆਂ ਟਹਿਣੀਆਂ ਵੀ ਪਵਿੱਤਰ ਹੋਣਗੀਆਂ।

17 ਇਹ ਇਵੇਂ ਹੈ ਜਿਵੇਂ ਕਿ ਜੈਤੂਨ ਦੇ ਦਰੱਖਤ ਦੀਆਂ ਕੁਝ ਟਹਿਣੀਆਂ ਤੋੜ ਦਿੱਤੀਆਂ ਗਈਆਂ ਹੋਣ, ਅਤੇ ਜੰਗਲੀ ਜੈਤੂਨ ਦੇ ਦਰੱਖਤ ਦੀਆਂ ਟਹਿਣੀਆਂ ਨੂੰ ਪਹਿਲੇ ਜੈਤੂਨ ਦੇ ਦਰੱਖਤ ਨਾਲ ਲਾ ਦਿੱਤਾ ਹੋਵੇ। ਤੁਸੀਂ ਗੈਰ ਯਹੂਦੀ, ਜੋ ਜੰਗਲੀ ਟਹਿਣੀਆਂ ਵਾਂਗ ਹੋ, ਹੁਣ ਪਹਿਲੇ ਦਰੱਖਤ ਦੀ ਤਾਕਤ ਅਤੇ ਜੀਵਨ ਨੂੰ ਸਾਂਝਾ ਕਰ ਰਹੇ ਹੋ। 18 ਇਸ ਕਰਕੇ ਘਮੰਡ ਨਾ ਕਰੋ ਕਿ ਤੁਸੀਂ ਉਨ੍ਹਾਂ ਟੁੱਟੀਆਂ ਹੋਈਆਂ ਟਹਿਣੀਆਂ ਨਾਲੋਂ ਉੱਤਮ ਹੋ। ਤੁਹਾਡੇ ਘਮੰਡ ਕਰਨ ਦੀ ਕੋਈ ਵਜਹ ਨਹੀਂ ਹੈ। ਕਿਉਂਕਿ ਇਹ ਤੁਸੀਂ ਨਹੀਂ ਹੋ, ਜੋ ਟਹਿਣੀ ਰੁੱਖ ਨੂੰ ਜੀਵਨ ਦਿੰਦੀ ਹੈ, ਇਹ ਜੜ ਹੈ ਜੋ ਤੁਹਾਨੂੰ ਜੀਵਨ ਦਿੰਦੀ ਹੈ। 19 ਤੁਸੀਂ ਆਖੋਂਗੇ, “ਟਹਿਣੀਆਂ ਇਸ ਲਈ ਤੋੜੀਆਂ ਗਈਆਂ ਤਾਂ ਜੋ ਮੈਂ ਦਰੱਖਤ ਨਾਲ ਪਿਉਂਦ ਲਾਇਆ ਜਾ ਸੱਕਾਂ।” 20 ਇਹ ਸੱਚ ਹੈ ਕਿ ਉਹ ਉਨ੍ਹਾਂ ਦੀ ਬੇਪਰਤੀਤੀ ਕਾਰਣ ਤੋੜਿਆਂ ਗਈਆਂ ਸਨ। ਜਿਵੇਂ ਤੇਰੇ ਲਈ, ਤੂੰ ਉਸ ਰੁੱਖ ਤੇ ਅਪਣੀ ਵਿਸ਼ਵਾਸ ਕਾਰਣ ਠਹਿਰਿਆ ਹੈਂ। ਘਮੰਡ ਨਾ ਕਰ ਸਗੋਂ ਡਰ ਕੇ ਰਹਿ। 21 ਕਿਉਂਕਿ ਜੇਕਰ ਪਰੇਮਸ਼ੁਰ ਨੇ ਅਸਲੀ ਟਹਿਣੀਆਂ ਨੂੰ ਨਹੀਂ ਬਖਸ਼ਿਆ, ਤਾਂ ਜੇਕਰ ਤੂੰ ਵਿਸ਼ਵਾਸ ਵਿੱਚ ਸਥਿਰ ਨਹੀਂ ਰਹੇਂਗਾ। ਤਾਂ ਉਹ ਤੈਨੂੰ ਵੀ ਨਹੀਂ ਬਖਸ਼ੇਗਾ।

22 ਤਾਂ ਵੇਖ ਪਰਮੇਸ਼ੁਰ ਕਿੰਨਾ ਦਿਆਲੂ ਹੈ, ਅਤੇ ਉਹ ਕਿੰਨਾ ਸਖਤ ਵੀ ਹੈ। ਪਰਮੇਸ਼ੁਰ ਉਨ੍ਹਾਂ ਨੂੰ ਦੰਡ ਦਿੰਦਾ ਹੈ ਜੋ ਉਸ ਨੂੰ ਮੰਨਣੋ ਹਟ ਜਾਂਦੇ ਹਨ, ਪਰ ਪਰਮੇਸ਼ੁਰ ਤੇਰੇ ਲਈ ਦਿਆਲੂ ਹੋਵੇਗਾ ਜੇਕਰ ਤੂੰ ਉਸਦੀ ਮਿਹਰ ਵਿੱਚ ਸਥਿਰ ਰਹੇਂ। ਨਹੀਂ ਤਾਂ ਤੂੰ ਵੀ ਦਰੱਖਤ ਤੋਂ ਵੱਢ ਦਿੱਤਾ ਜਾਵੇਂਗਾ। 23 ਇਉਂ ਉਨ੍ਹਾਂ ਲਈ, ਜੇਕਰ ਉਹ ਮੁੜ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਲੱਗਣ, ਤਾਂ ਵਾਪਸ ਰੁੱਖ ਦੀ ਪਿਉਂਦ ਲਾਏ ਜਾਣਗੇ। ਹਾਂ ਪਰਮੇਸ਼ੁਰ ਉਨ੍ਹਾਂ ਨੂੰ ਫ਼ਿਰ ਤੋਂ ਦਰੱਖਤ ਦੀ ਪਿਉਂਦ ਲਾਉਣ ਯੋਗ ਹੈ। 24 ਜੰਗਲੀ ਟਹਿਣੀ ਲਈ ਇੱਕ ਚੰਗੇ ਜੈਤੂਨ ਦੇ ਦਰੱਖਤ ਦੀ ਟਹਿਣੀ ਨਾਲ ਪਿਉਂਦ ਲਾਉਣੀ ਕੁਦਰਤੀ ਨਹੀਂ ਹੈ। ਪਰ ਤੁਸੀਂ ਗੈਰ ਯਹੂਦੀ ਉਨ੍ਹਾਂ ਟਹਿਣੀਆਂ ਵਾਂਗ ਹੋ ਜਿਹੜੀਆਂ ਜੰਗਲੀ ਜੈਤੂਨ ਦੇ ਦਰੱਖਤ ਤੋਂ ਵੱਢੀਆਂ ਗਈਆਂ ਹਨ। ਅਤੇ ਇੱਕ ਵੱਧੀਆਂ ਜੈਤੂਨ ਦੇ ਦਰੱਖਤ ਦੀ ਪਿਉਂਦ ਲਾਈਆਂ ਗਈਆਂ ਹੋ। ਪਰ ਉਹ ਯਹੂਦੀ ਉਨ੍ਹਾਂ ਟਹਿਣੀਆਂ ਵਰਗੇ ਹਨ ਜੋ ਚੰਗੇ ਦਰੱਖਤ ਤੇ ਉੱਗੀਆਂ। ਇਸ ਲਈ ਨਿਸ਼ਚਿਤ ਹੀ ਉਹ ਆਪਣੇ ਦਰੱਖਤ ਦੀ ਪਿਉਂਦ ਦੁਬਾਰਾ ਲਾਈਆਂ ਜਾ ਸੱਕਦੀਆਂ ਹਨ।

25 ਮੇਰੇ ਭਰਾਵੋ ਅਤੇ ਭੈਣੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੁਪਤ ਸੱਚ ਨੂੰ ਸਮਝੋ। ਇਹ ਸੱਚ ਤੁਹਾਨੂੰ ਇਹ ਤੱਥ ਸਮਝਣ ਵਿੱਚ ਮਦਦ ਕਰੇਗਾ ਕਿ ਤੁਹਾਨੂੰ ਸਭ ਕੁਝ ਨਹੀਂ ਪਤਾ। ਸੱਚ ਇਹ ਹੈ; ਇਸਰਾਏਲੀਆਂ ਦਾ ਇੱਕ ਹਿੱਸਾ ਕਠੋਰ ਬਣਾ ਦਿੱਤਾ ਗਿਆ ਹੈ। ਪਰ ਉਹ ਉਦੋਂ ਬਦਲੇਗਾ ਜਦੋਂ ਕਾਫ਼ੀ ਸਾਰੇ ਗੈਰ ਯਹੂਦੀ ਪਰਮੇਸ਼ੁਰ ਕੋਲ ਆ ਜਾਣਗੇ। 26 ਇੰਝ ਹੀ ਸਾਰੇ ਇਸਰਾਏਲੀ ਬਚਾਏ ਜਾਣਗੇ, ਇਹ ਪੋਥੀਆਂ ਵਿੱਚ ਕਿਹਾ ਗਿਆ ਹੈ:

“ਮੁਕਤੀਦਾਤਾ ਸੀਯੋਨ ਤੋਂ ਆਵੇਗਾ।
    ਉਹ ਯਾਕੂਬ ਦੇ ਪਰਿਵਾਰ ਦੀਆਂ ਸਾਰੀਆਂ ਬੁਰਿਆਈਆਂ ਬਾਹਰ ਕੱਢ ਸੁੱਟੇਗਾ।
27 ਅਤੇ ਮੈਂ ਇਹ ਇਕਰਾਰਨਾਮਾ ਉਨ੍ਹਾਂ ਲੋਕਾਂ ਨਾਲ ਬਣਾਵਾਂਗਾ,
    ਜਦੋਂ ਮੈਂ ਉਨ੍ਹਾਂ ਦੇ ਪਾਪ ਕੱਢ ਦੇਵਾਂਗਾ।” (D)

28 ਯਹੂਦੀਆਂ ਨੇ ਖੁਸ਼ਖਬਰੀ ਨੂੰ ਮੰਨਣ ਤੋਂ ਇਨਕਾਰ ਕੀਤਾ ਇਸ ਲਈ ਉਹ ਪਰਮੇਸ਼ੁਰ ਦੇ ਵੈਰੀ ਹੋ ਗਏ। ਇਹ ਤੁਹਾਡੇ ਨਾਲ ਗੈਰ ਯਹੂਦੀਆਂ ਨੂੰ ਮਦਦ ਕਰਨ ਲਈ ਵਾਪਰਿਆ। ਪਰ ਯਹੂਦੀ ਪਰਮੇਸ਼ੁਰ ਦੁਆਰਾ ਚੁਣੇ ਹੋਏ ਲੋਕ ਹਨ। ਇਸ ਲਈ ਪਰਮੇਸ਼ੁਰ ਉਨ੍ਹਾਂ ਨੂੰ ਆਪਣੇ ਉਨ੍ਹਾਂ ਵਾਇਦਿਆ ਖਾਤਰ ਪ੍ਰੇਮ ਕਰਦਾ ਹੈ ਜੋ ਉਸ ਨੇ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਕੀਤੇ ਸਨ। 29 ਪਰਮੇਸ਼ੁਰ ਉਨ੍ਹਾਂ ਲੋਕਾਂ ਬਾਰੇ ਆਪਣਾ ਮਨ ਕਦੀ ਨਹੀਂ ਬਦਲੇਗਾ ਜਿਨ੍ਹਾਂ ਨੂੰ ਉਹ ਸੱਦਦਾ ਹੈ ਤੇ ਜੋ ਦਾਤਾਂ ਉਹ ਉਨ੍ਹਾਂ ਨੂੰ ਦਿੰਦਾ ਹੈ। 30 ਇੱਕ ਸਮੇਂ ਤੁਸੀਂ ਪਰਮੇਸ਼ੁਰ ਨੂੰ ਮੰਨਣ ਤੋਂ ਇਨਕਾਰ ਕੀਤਾ, ਪਰ ਹੁਣ ਤੁਹਾਨੂੰ ਮਿਹਰ ਪ੍ਰਾਪਤ ਹੋਈ ਹੈ, ਕਿਉਂਕਿ ਉਨ੍ਹਾਂ ਲੋਕਾਂ ਨੇ ਆਗਿਆ ਮੰਨਣ ਤੋਂ ਇਨਕਾਰ ਕਰ ਦਿੱਤਾ। 31 ਅਤੇ ਹੁਣ, ਯਹੂਦੀ ਆਗਿਆ ਮੰਨਣ ਤੋਂ ਇਨਕਾਰ ਕਰਦੇ ਹਨ ਕਿਉਂਕਿ ਪਰਮੇਸ਼ੁਰ ਨੇ ਤੁਹਾਡੇ ਤੇ ਮਿਹਰ ਦਰਸਾਈ, ਪਰ ਇਹ ਇਸ ਲਈ ਵਾਪਰਿਆ ਤਾਂ ਕਿ ਉਹ ਵੀ ਪਰਮੇਸ਼ੁਰ ਪਾਸੋਂ ਮਿਹਰ ਪ੍ਰਾਪਤ ਕਰ ਸੱਕਣ। 32 ਪਰਮੇਸ਼ੁਰ ਨੇ ਉਨ੍ਹਾਂ ਸਭਨਾਂ ਲੋਕਾਂ ਨੂੰ ਇਕੱਠਿਆਂ ਕਰ ਲਿਆ ਹੈ, ਜਿਨ੍ਹਾਂ ਨੇ ਉਸਦੀ ਆਗਿਆ ਮੰਨਣ ਤੋਂ ਇਨਕਾਰ ਕੀਤਾ, ਤਾਂ ਕਿ ਪਰਮੇਸ਼ੁਰ ਉਨ੍ਹਾਂ ਸਭਨਾਂ ਲੋਕਾਂ ਉੱਤੇ ਆਪਣੀ ਮਿਹਰ ਦਰਸਾ ਸੱਕੇ।

ਪਰਮੇਸ਼ੁਰ ਦੀ ਉਸਤਤਿ ਕਰੋ

33 ਹਾਂ, ਪਰਮੇਸ਼ੁਰ ਦੀਆਂ ਦਾਤਾਂ ਕਿੰਨੀਆਂ ਮਹਾਨ ਹਨ। ਉਸਦੀ ਬੁਧਤਾ ਅਤੇ ਗਿਆਨ ਦਾ ਕੋਈ ਅੰਤ ਨਹੀਂ। ਕੋਈ ਵੀ ਵਿਅਕਤੀ ਉਸ ਦੇ ਨਿਆਂ ਦੀ ਵਿਆਖਿਆ ਨਹੀਂ ਕਰ ਸੱਕਦਾ ਨਾ ਹੀ ਕੋਈ ਉਸ ਦਾ ਢੰਗ ਸਮਝ ਸੱਕਦਾ ਹੈ। 34 ਜਿਵੇਂ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ,

“ਪ੍ਰਭੂ ਦੇ ਮਨ ਨੂੰ ਕੌਣ ਜਾਣਦਾ ਹੈ?
    ਕੌਣ ਹੈ ਜੋ ਉਸਦਾ ਸਲਾਹੀ ਬਣੇ?” (E)

35 “ਕਿਸਨੇ ਪਰਮੇਸ਼ੁਰ ਨੂੰ ਕੁਝ ਦਿੱਤਾ?
    ਜਿਹ ਦਾ ਉਸ ਨੂੰ ਮੁੜ ਵਾਪਸ ਦਿੱਤਾ ਜਾਵੇ।” (F)

36 ਹਾਂ, ਪਰਮੇਸ਼ੁਰ ਹੀ ਸਭ ਦਾ ਸਿਰਜਣਹਾਰਾ ਹੈ। ਉਸ ਦੇ ਰਾਹੀਂ ਸਭ ਕੁਝ ਥਾਂ ਟਿਕਾਣੇ ਤੇ ਹੈ ਅਤੇ ਉਸ ਵਾਸਤੇ ਸਭ ਕੁਝ ਹੈ। ਪਰਮੇਸ਼ੁਰ ਨੂੰ ਸਦਾ ਲਈ ਮਹਿਮਾ। ਆਮੀਨ।