Add parallel Print Page Options

ਪਰਾਸਚਿਤ ਦਾ ਦਿਨ

16 ਹਾਰੂਨ ਦੇ ਦੋ ਪੁੱਤਰ ਉਦੋਂ ਮਾਰੇ ਗਏ ਜਦੋਂ ਉਹ ਯਹੋਵਾਹ ਦੇ ਨੇੜੇ ਆਏ। [a] ਉਸਤੋਂ ਬਾਦ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਅਤੇ ਆਖਿਆ, “ਆਪਣੇ ਭਰਾ ਹਾਰੂਨ ਨੂੰ ਆਖ ਕਿ ਜਦੋਂ ਉਹ ਚਾਹੇ ਅੱਤ ਪਵਿੱਤਰ ਸਥਾਨ ਵਿੱਚ ਪਰਦੇ ਦੇ ਪਿੱਛੇ ਪਵਿੱਤਰ ਸੰਦੂਕ ਦੇ ਸਾਹਮਣੇ ਨਾ ਜਾਵੇ, ਨਹੀਂ ਤਾਂ ਉਹ ਮਾਰਿਆ ਜਾਵੇਗਾ। ਪਵਿੱਤਰ ਸੰਦੂਕ ਉਸ ਕਮਰੇ ਵਿੱਚ ਉਸ ਪਰਦੇ ਦੇ ਪਿੱਛੇ ਹੈ ਅਤੇ ਇਸ ਉੱਤੇ ਇੱਕ ਖਾਸ ਕੱਜਣ ਪਾਇਆ ਹੋਇਆ ਹੈ। ਜੇਕਰ ਹਾਰੂਨ ਉਸ ਕਮਰੇ ਅੰਦਰ ਜਾਵੇਗਾ, ਉਹ ਮਰ ਜਾਵੇਗਾ। ਕਿਉਂਕਿ ਮੈਂ ਉਸ ਖਾਸ ਕੱਜਣ ਉੱਤੇ ਇੱਕ ਬੱਦਲ ਵਿੱਚ ਪ੍ਰਗਟ ਹੁੰਦਾ ਹਾਂ।

“ਇਹ ਤਰੀਕਾ ਜਿਸ ਤਰ੍ਹਾਂ ਹਾਰੂਨ ਅੱਤ ਪਵਿੱਤਰ ਸਥਾਨ ਵਿੱਚ ਦਾਖਲ ਹੋ ਸੱਕਦਾ; ਉਸ ਨੂੰ ਇੱਕ ਬਲਦ ਪਾਪ ਦੀ ਭੇਟ ਵਜੋਂ ਅਤੇ ਇੱਕ ਭੇਡੂ ਹੋਮ ਦੀ ਭੇਟ ਵਜੋਂ ਚੜ੍ਹਾਉਣਾ ਚਾਹੀਦਾ ਹੈ। ਹਾਰੂਨ ਨੂੰ ਆਪਣੇ-ਆਪ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ। ਫ਼ੇਰ ਉਸ ਨੂੰ ਇਹ ਕੱਪੜੇ ਪਹਿਨਣੇ ਚਾਹੀਦੇ ਹਨ; ਉਸ ਨੂੰ ਲਿਨਨ ਦੀ ਪਵਿੱਤਰ ਕਮੀਜ਼ ਪਹਿਨਣੀ ਚਾਹੀਦੀ ਹੈ। ਉਸ ਦੇ ਤਨ ਉੱਤੇ ਲਿਨਨ ਦੇ ਅੰਦਰਲੇ ਵਸਤਰ ਪਹਿਲਾਂ ਹੋਣਗੇ। ਉਸ ਨੂੰ ਆਪਣੇ ਲੱਕ ਦੁਆਲੇ ਲਿਨਨ ਦੀ ਪੇਟੀ ਬੰਨ੍ਹਣੀ ਚਾਹੀਦੀ ਹੈ ਅਤੇ ਲਿਨਨ ਦੀ ਪਗੜੀ ਬੰਨ੍ਹਣੀ ਚਾਹੀਦੀ ਹੈ। ਇਹ ਪਵਿੱਤਰ ਕੱਪੜੇ ਹਨ।

“ਹਾਰੂਨ ਨੂੰ ਇਸਰਾਏਲ ਦੇ ਲੋਕਾਂ ਕੋਲੋਂ ਦੋ ਬੱਕਰੇ ਪਾਪ ਦੀ ਭੇਟ ਲਈ ਅਤੇ ਇੱਕ ਭੇਡੂ ਹੋਮ ਦੀ ਭੇਟ ਲਈ ਲੈਣਾ ਚਾਹੀਦਾ ਹੈ। ਹਾਰੂਨ ਨੂੰ ਆਪਣੇ ਲਈ ਪਾਪ ਦੀ ਭੇਟ ਵਜੋਂ ਇੱਕ ਬਲਦ ਚੜ੍ਹਾਉਣਾ ਚਾਹੀਦਾ ਹੈ। ਹਾਰੂਨ ਨੂੰ ਆਪਣੇ-ਆਪ ਲਈ ਅਤੇ ਆਪਣੇ ਪਰਿਵਾਰ ਖਾਤਰ ਪਰਾਸਚਿਤ ਕਰਨ ਲਈ ਅਜਿਹਾ ਕਰਨਾ ਚਾਹੀਦਾ ਹੈ।

“ਫ਼ੇਰ ਹਾਰੂਨ ਨੂੰ ਦੋ ਬੱਕਰੇ ਲੈਣੇ ਚਾਹੀਦੇ ਹਨ ਅਤੇ ਇਨ੍ਹਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਕੇ ਯਹੋਵਾਹ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ। ਹਾਰੂਨ ਦੋਹਾਂ ਬਕਰਿਆਂ ਲਈ ਪਰਚੀਆਂ ਪਾਵੇਗਾ। ਇੱਕ ਪਰਚੀ ਯਹੋਵਾਹ ਲਈ ਹੋਵੇਗੀ ਅਤੇ ਦੂਸਰੀ ਅਜ਼ਾਜ਼ੇਲ ਲਈ ਹੋਵੇਗੀ।

“ਫ਼ੇਰ ਹਾਰੂਨ ਯਹੋਵਾਹ ਲਈ ਪਾਈ ਪਰਚੀ ਨਾਲ ਚੁਣੇ ਹੋਏ ਬੱਕਰੇ ਨੂੰ ਭੇਟ ਕਰੇਗਾ। ਹਾਰੂਨ ਨੂੰ ਇਹ ਭੇਟ ਪਾਪ ਦੀ ਭੇਟ ਲਈ ਦੇਣੀ ਚਾਹੀਦੀ ਹੈ। 10 ਪਰ ਅਜ਼ਾਜ਼ੇਲ ਲਈ ਪਾਈ ਪਰਚੀ ਨਾਲ ਚੁਣੇ ਹੋਏ ਬੱਕਰੇ ਨੂੰ ਯਹੋਵਾਹ ਦੇ ਸਾਹਮਣੇ ਜਿਉਂਦਿਆਂ ਲਿਆਂਦਾ ਜਾਵੇ। ਫ਼ੇਰ ਇਹ ਬੱਕਰਾ ਅਜ਼ਾਜ਼ੇਲ ਲਈ ਮਾਰੂਥਲ ਵਿੱਚ ਭੇਜ ਦਿੱਤਾ ਜਾਵੇਗਾ। ਇਹਲੋਕਾਂ ਖਾਤਰ ਪਰਾਸਚਿਤ ਕਰਨ ਲਈ ਹੈ।

11 “ਫ਼ੇਰ ਹਾਰੂਨ ਆਪਣੇ ਲਈ ਪਾਪ ਦੀ ਭੇਟ ਵਜੋਂ ਇੱਕ ਬਲਦ ਭੇਟ ਕਰੇਗਾ। ਹਾਰੂਨ ਨੂੰ ਆਪਣੇ-ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸ਼ੁੱਧ ਬਨਾਉਣ ਲਈ ਅਜਿਹਾ ਕਰਨਾ ਚਾਹੀਦਾ। 12 ਫ਼ੇਰ ਉਸ ਨੂੰ ਯਹੋਵਾਹ ਦੇ ਸਾਹਮਣੇ ਜਗਵੇਦੀ ਤੋਂ ਅੱਗ ਦੇ ਕੋਲਿਆਂ ਦਾ ਇੱਕ ਕੜਛਾ ਲੈਣਾ ਚਾਹੀਦਾ ਹੈ। ਹਾਰੂਨ ਪੀਸੀ ਹੋਈ ਸੁਗੰਧਤ ਧੂਫ਼ ਦੀਆਂ ਦੋ ਮਠੀਆਂ ਲਵੇਗਾ। ਹਾਰੂਨ ਇਸ ਧੂਫ਼ ਨੂੰ ਕਮਰੇ ਵਿੱਚ ਪਰਦੇ ਦੇ ਪਿੱਛੇ ਲੈ ਕੇ ਆਵੇਗਾ। 13 ਹਾਰੂਨ ਧੂਫ਼ ਨੂੰ ਯਹੋਵਾਹ ਦੇ ਸਾਹਮਣੇ ਅੱਗ ਉੱਤੇ ਪਾਵੇਗਾ। ਫ਼ੇਰ ਧੂਫ਼ ਦਾ ਬੱਦਲ ਇਕਰਾਰਨਾਮੇ ਦੇ ਉੱਪਰ ਕੱਜਣ ਉਪਰ ਫ਼ੈਲ ਜਾਵੇਗਾ। ਇਸ ਤਰ੍ਹਾਂ ਹਾਰੂਨ ਮਰੇਗਾ ਨਹੀਂ। 14 ਹਾਰੂਨ ਬਲਦ ਦਾ ਕੁਝ ਖੂਨ ਲਵੇਗਾ ਅਤੇ ਇਸ ਨੂੰ ਖਾਸ ਕੱਜਣ ਦੇ ਪੂਰਬ ਵੱਲ ਛਿੜਕੇਗਾ। ਫ਼ੇਰ ਉਹ ਇਸ ਖੂਨ ਨੂੰ ਆਪਣੀ ਉਂਗਲੀ ਨਾਲ ਖਾਸ ਕੱਜਣ ਦੇ ਸਾਹਮਣੇ ਸੱਤ ਵਾਰੀ ਛਿੜਕੇਗਾ।

15 “ਫ਼ੇਰ ਹਾਰੂਨ ਨੂੰ ਲੋਕਾਂ ਲਈ ਪਾਪ ਚੜ੍ਹਾਵੇ ਵਜੋਂ ਇੱਕ ਬੱਕਰੇ ਨੂੰ ਮਾਰਨਾ ਚਾਹੀਦਾ ਹੈ। ਉਸ ਨੂੰ ਇਸ ਬੱਕਰੇ ਦਾ ਖੂਨ ਪਰਦੇ ਦੇ ਪਿੱਛਲੇ ਕਮਰੇ ਵਿੱਚ ਲਿਆਉਣਾ ਚਾਹੀਦਾ ਹੈ। ਉਸ ਨੂੰ ਇਸ ਬੱਕਰੇ ਦੇ ਖੂਨ ਨਾਲ ਵੀ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਬਲਦ ਦੇ ਖੂਨ ਨਾਲ ਕੀਤਾ ਸੀ। ਉਸ ਨੂੰ ਖੂਨ ਖਾਸ ਕੱਜਣ ਉੱਤੇ ਅਤੇ ਇਸਦੇ ਸਾਹਮਣੇ ਛਿੜਕਣਾ ਚਾਹੀਦਾ ਹੈ। 16 ਇਸ ਤਰ੍ਹਾਂ ਹਾਰੂਨ ਨਾਪਾਕਤਾ, ਜੁਰਮਾਂ ਅਤੇ ਇਸਰਾਏਲ ਦੇ ਲੋਕਾਂ ਦੇ ਪਾਪਾਂ ਦੇ ਕਾਰਣ ਅੱਤ ਪਵਿੱਤਰ ਸਥਾਨ ਖਾਤਰ ਪਰਾਸਚਿਤ ਕਰਨ ਲਈ ਇਹ ਗੱਲਾਂ ਕਰੇਗਾ। ਹਾਰੂਨ ਨੂੰ ਇਹ ਗੱਲਾਂ ਮੰਡਲੀ ਵਾਲੇ ਤੰਬੂ ਲਈ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਇਹ ਪਲੀਤ ਲੋਕਾਂ ਦੇ ਵਿੱਚਕਾਰ ਗਡਿਆ ਹੋਇਆ ਹੈ।

17 “ਉਸ ਸਮੇਂ ਜਦੋਂ ਹਾਰੂਨ ਪਰਾਸਚਿਤ ਕਰਨ ਲਈ ਅੱਤ ਪਵਿੱਤਰ ਸਥਾਨ ਅੰਦਰ ਦਾਖਲ ਹੋਵੇ ਤਾਂ ਮੰਡਲੀ ਦੇ ਤੰਬੂ ਵਿੱਚ ਕੋਈ ਨਾ ਹੋਵੇ, ਉਸ ਦੇ ਬਾਹਰ ਆਉਣ ਤੀਕ, ਕਿਸੇ ਨੂੰ ਅੰਦਰ ਨਹੀਂ ਜਾਣਾ ਚਾਹੀਦਾ। ਇਸ ਤਰ੍ਹਾਂ ਹਾਰੂਨ ਆਪਣੇ-ਆਪ ਆਪਣੇ ਪਰਿਵਾਰ ਅਤੇ ਇਸਰਾਏਲ ਦੇ ਸਾਰੇ ਲੋਕਾਂ ਲਈ ਪਰਾਸਚਿਤ ਕਰੇਗਾ। 18 ਫ਼ੇਰ ਹਾਰੂਨ ਯਹੋਵਾਹ ਦੇ ਸਾਹਮਣੇ ਜਗਵੇਦੀ ਕੋਲ ਜਾਵੇਗਾ। ਹਾਰੂਨ ਜਗਵੇਦੀ ਨੂੰ ਸ਼ੁੱਧ ਬਣਾਵੇਗਾ। ਹਾਰੂਨ ਬਲਦ ਦਾ ਕੁਝ ਖੂਨ ਅਤੇ ਬੱਕਰੇ ਦਾ ਕੁਝ ਖੂਨ ਲਵੇਗਾ ਅਤੇ ਇਸ ਨੂੰ ਜਗਵੇਦੀ ਦੇ ਕੋਨਿਆਂ ਉੱਤੇ ਸਾਰੇ ਪਾਸੇ ਲਾ ਦੇਵੇਗਾ। 19 ਫ਼ੇਰ ਹਾਰੂਨ ਆਪਣੀ ਉਂਗਲੀ ਨਾਲ ਖੂਨ ਨੂੰ ਜਗਵੇਦੀ ਜਗਵੇਦੀ ਉੱਤੇ ਸੱਤ ਵਾਰੀ ਛਿੜਕੇਗਾ। ਇਸ ਤਰ੍ਹਾਂ ਹਰੂਨ ਜਗਵੇਦੀ ਨੂੰ ਇਸਰਾਏਲ ਦੇ ਲੋਕਾਂ ਦੀ ਸਾਰੀ ਨਾਪਾਕਤਾ ਤੋਂ ਪਵਿੱਤਰ ਬਣਾ ਦੇਵੇਗਾ।

20 “ਜਦੋਂ ਉਸ ਨੇ ਅੱਤ ਪਵਿੱਤਰ ਸਥਾਨ, ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਲਈ ਪਰਾਸਚਿਤ ਕਰ ਲਿਆ ਹੋਵੇ, ਉਹ ਜਿਉਂਦੇ ਬੱਕਰੇ ਨੂੰ ਯਹੋਵਾਹ ਕੋਲ ਲੈ ਕੇ ਆਵੇਗਾ। 21 ਹਾਰੂਨ ਆਪਣੇ ਦੋਵੇਂ ਹੱਥ ਜਿਉਂਦੇ ਬੱਕਰੇ ਦੇ ਸਿਰ ਤੇ ਰੱਖੇਗਾ। ਫ਼ੇਰ ਉਹ ਬੱਕਰੇ ਉੱਪਰ ਇਸਰਾਏਲ ਦੇ ਲੋਕਾਂ ਦੇ ਪਾਪਾਂ ਅਤੇ ਜ਼ੁਰਮਾਂ ਨੂੰ ਕਬੂਲ ਕਰੇਗਾ। ਇਸ ਤਰ੍ਹਾਂ ਹਾਰੂਨ ਲੋਕਾਂ ਦੇ ਪਾਪ ਬੱਕਰੇ ਦੇ ਸਿਰ ਤੇ ਧਰ ਦੇਵੇਗਾ। ਫ਼ੇਰ ਉਹ ਬੱਕਰੇ ਨੂੰ ਮਾਰੂਥਲ ਵਿੱਚ ਭੇਜ ਦੇਵੇਗਾ। ਇੱਕ ਆਦਮੀ ਇਸ ਬੱਕਰੇ ਦੀ ਦੂਰ ਤੱਕ ਅਗਵਾਈ ਕਰਨ ਲਈ ਤਿਆਰ ਖੜ੍ਹਾ ਹੋਵੇਗਾ। 22 ਇਸ ਤਰ੍ਹਾਂ ਬੱਕਰਾ ਆਪਣੇ ਉੱਪਰ ਸਾਰੇ ਲੋਕਾਂ ਦੇ ਪਾਪ ਖਾਲੀ ਮਾਰੂਥਲ ਵੱਲ ਲੈ ਜਾਵੇਗਾ। ਜਿਹੜਾ ਬੰਦਾ ਬੱਕਰੇ ਨੂੰ ਲੈ ਕੇ ਜਾਵੇਗਾ ਉਹ ਇਸ ਨੂੰ ਮਾਰੂਥਲ ਵਿੱਚ ਖੁਲ੍ਹਾ ਛੱਡ ਆਵੇਗਾ।

23 “ਫ਼ੇਰ ਹਾਰੂਨ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੋਵੇਗਾ। ਉਹ ਲਿਨਨ ਦੇ ਉਨ੍ਹਾਂ ਵਸਤਰਾਂ ਨੂੰ ਉਤਾਰ ਦੇਵੇਗਾ ਜਿਹੜੇ ਉਸ ਨੇ ਉਦੋਂ ਪਹਿਨੇ ਸਨ ਜਦੋਂ ਉਹ ਪਵਿੱਤਰ ਸਥਾਨ ਵਿੱਚ ਦਾਖਲ ਹੋਇਆ ਸੀ। ਉਸ ਨੂੰ ਉਹ ਵਸਤਰ ਉੱਥੇ ਹੀ ਰੱਖ ਦੇਣੇ ਚਾਹੀਦੇ ਹਨ। 24 ਉਹ ਆਪਣੇ ਸ਼ਰੀਰ ਨੂੰ ਕਿਸੇ ਪਵਿੱਤਰ ਸਥਾਨ ਤੇ ਪਾਣੀ ਨਾਲ ਧੋਵੇਗਾ। ਫ਼ੇਰ ਉਹ ਆਪਣੇ ਦੂਸਰੇ ਖਾਸ ਵਸਤਰ ਪਹਿਨਕੇ ਬਾਹਰ ਆਵੇਗਾ ਅਤੇ ਆਪਣੀ ਹੋਮ ਦੀ ਭੇਟ ਅਤੇ ਲੋਕਾਂ ਦੀ ਹੋਮ ਦੀ ਭੇਟ ਚੜ੍ਹਾਵੇਗਾ ਅਤੇ ਆਪਣੇ-ਆਪ ਅਤੇ ਲੋਕਾਂ ਲਈ ਪਰਾਸਚਿਤ ਕਰੇਗਾ। 25 ਫ਼ੇਰ ਉਹ ਜਗਵੇਦੀ ਉੱਤੇ ਪਾਪ ਦੀ ਭੇਟ ਦੀ ਚਰਬੀ ਨੂੰ ਸਾੜੇਗਾ।

26 “ਫ਼ੇਰ ਉਸ ਬੰਦੇ ਨੂੰ ਜਿਹੜਾ ਬੱਕਰੇ ਨੂੰ ਅਜ਼ਾਜ਼ੇਲ ਵੱਲ ਲੈ ਕੇ ਗਿਆ ਸੀ, ਆਪਣੇ ਕੱਪੜੇ ਅਤੇ ਆਪਣਾ ਸ਼ਰੀਰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਇਸਤੋਂ ਬਾਦ, ਉਹ ਡੇਰੇ ਵਿੱਚ ਦਾਖਲ ਹੋ ਸੱਕਦਾ ਹੈ।

27 “ਪਾਪ ਦੀ ਭੇਟ ਦੇ ਬਲਦ ਅਤੇ ਬੱਕਰੇ ਨੂੰ ਡੇਰੇ ਤੋਂ ਬਾਹਰ ਲਿਆਂਦਾ ਜਾਵੇ। (ਇਨ੍ਹਾਂ ਜਾਨਵਰਾਂ ਦਾ ਖੂਨ ਪਵਿੱਤਰ ਸਥਾਨ ਵਿੱਚ ਪਵਿੱਤਰ ਚੀਜ਼ਾਂ ਖਾਤਰ ਪਰਾਸਚਿਤ ਕਰਨ ਲਈ ਲਿਆਂਦਾ ਗਿਆ ਸੀ।) ਉਨ੍ਹਾਂ ਨੂੰ ਉਨ੍ਹਾਂ ਜਾਨਵਰਾਂ ਦੀਆਂ ਖੱਲਾਂ, ਸਰੀਰਾਂ ਅਤੇ ਸਰੀਰਾਂ ਦੇ ਮਲ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ। 28 ਫ਼ੇਰ ਉਹ ਆਦਮੀ, ਜਿਹੜਾ ਉਨ੍ਹਾਂ ਨੂੰ ਸਾੜਦਾ ਹੈ, ਆਪਣੇ ਕੱਪੜੇ ਅਤੇ ਆਪਣੇ ਸ਼ਰੀਰ ਨੂੰ ਪਾਣੀ ਨਾਲ ਧੋ ਲਵੇ। ਇਸਤੋਂ ਮਗਰੋਂ, ਉਹ ਡੇਰੇ ਵਿੱਚ ਦਾਖਲ ਹੋ ਸੱਕਦਾ ਹੈ।

29 “ਇਹ ਨੇਮ ਤੁਹਾਡੇ ਲਈ ਹਮੇਸ਼ਾ ਜਾਰੀ ਰਹੇਗਾ; ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੁਹਾਨੂੰ ਆਪਣੇ-ਆਪ ਨੂੰ ਨਿਮਾਣਾ ਬਣਾਕੇ ਵਰਤ ਰੱਖਣਾ ਚਾਹੀਦਾ। ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਹ ਨੇਮ ਤੁਹਾਡੇ ਸਾਰਿਆਂ ਅਤੇ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀਆਂ ਉੱਤੇ ਵੀ ਲਾਗੂ ਹਨ। 30 ਕਿਉਂਕਿ ਇਸ ਦਿਨ, ਜਾਜਕ ਤੁਹਾਡੇ ਲਈ ਪਰਾਸਚਿਤ ਕਰੇਗਾ ਅਤੇ ਤੁਹਾਨੂੰ ਤੁਹਾਡੇ ਪਾਪਾਂ ਤੋਂ ਪਾਕ ਬਣਾਵੇਗਾ। ਫ਼ੇਰ ਤੁਸੀਂ ਯਹੋਵਾਹ ਅੱਗੇ ਪਾਕ ਹੋਵੋਂਗੇ। 31 ਤੁਹਾਡੇ ਲਈ ਇਹ ਦਿਨ ਅਰਾਮ ਕਰਨ ਦਾ ਬਹੁਤ ਮਹੱਤਵਪੂਰਣ ਦਿਨ ਹੈ। ਤੁਹਾਨੂੰ ਭੋਜਨ ਨਹੀਂ ਕਰਨਾ ਚਾਹੀਦਾ। ਇਹ ਨੇਮ ਹਮੇਸ਼ਾ ਲਈ ਜਾਰੀ ਰਹੇਗਾ।

32 “ਇਸ ਤਰ੍ਹਾਂ ਜਿਸ ਆਦਮੀ ਨੂੰ ਪਰਧਾਨ ਜਾਜਕ ਹੋਣ ਲਈ ਚੁਣਿਆ ਗਿਆ ਹੋਵੇਗਾ, ਪਰਾਸਚਿਤ ਕਰਨ ਦੀਆਂ ਰੀਤਾਂ ਕਰੇਗਾ। ਇਹੀ ਉਹ ਆਦਮੀ ਹੈ ਜਿਸ ਨੂੰ ਉਸ ਦੇ ਪਿਤਾ ਤੋਂ ਮਗਰੋਂ ਪਰਧਾਨ ਜਾਜਕ ਵਜੋਂ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ। ਉਸ ਨੂੰ ਲਿਨਨ ਦੇ ਖਾਸ ਵਸਤਰ ਪਹਿਨਣੇ ਚਾਹੀਦੇ ਹਨ। ਇਹ ਵਸਤਰ ਪਵਿੱਤਰ ਹਨ। 33 ਉਸ ਨੂੰ ਅੱਤ ਪਵਿੱਤਰ ਸਥਾਨ, ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਨੂੰ ਸ਼ੁੱਧ ਬਨਾਉਣਾ ਚਾਹੀਦਾ ਹੈ। ਅਤੇ ਉਸ ਨੂੰ ਜਾਜਕਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਸ਼ੁੱਧ ਬਨਾਉਣਾ ਚਾਹੀਦਾ ਹੈ। 34 ਇਸਰਾਏਲ ਦੇ ਲੋਕਾਂ ਖਾਤਰ ਉਨ੍ਹਾਂ ਦੇ ਪਾਪਾਂ ਲਈ ਪਰਾਸਚਿਤ ਕਰਨ ਦਾ ਇਹ ਨੇਮ ਹਮੇਸ਼ਾ ਜਾਰੀ ਰਹੇਗਾ। ਤੁਸੀਂ ਇਹ ਗੱਲਾਂ ਸਾਲ ਵਿੱਚ ਇੱਕ ਵਾਰੀ ਇਸਰਾਏਲ ਦੇ ਲੋਕਾਂ ਦੇ ਪਾਪਾਂ ਕਾਰਣ ਕਰੋਂਗੇ।”

ਇਸ ਲਈ ਉਨ੍ਹਾਂ ਨੇ ਇਹ ਗੱਲਾਂ ਉਵੇਂ ਹੀ ਕੀਤੀਆਂ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

Footnotes

  1. ਲੇਵੀਆਂ ਦੀ ਪੋਥੀ 16:1 ਹਾਰੂਨ ਦੇ ਦੋ ਪੁੱਤਰ … ਨੇੜੇ ਆਏ ਲੇਵੀਆਂ 10:1-2