Add parallel Print Page Options

11 ਮੇਰੀ ਮਿਸਾਲ ਉੱਤੇ ਚੱਲੋ ਜਿਵੇਂ ਕਿ ਮੈਂ ਮਸੀਹ ਦੀ ਮਿਸਾਲ ਉੱਪਰ ਚੱਲਦਾ ਹਾਂ।

ਅਧਿਕਾਰ ਹੇਠਾਂ ਜਿਉਣਾ

ਮੈਂ ਤੁਹਾਡੀ ਪ੍ਰਸ਼ੰਸਾ ਕਰਦਾ ਹਾਂ ਕਿਉਂ ਜੋ ਤੁਸੀਂ ਹਰ ਗੱਲ ਵਿੱਚ ਮੈਨੂੰ ਚੇਤੇ ਕਰਦੇ ਹੋਂ। ਜਿਹੜੇ ਵੀ ਉਪਦੇਸ਼ ਮੈਂ ਤੁਹਾਨੂੰ ਦਿੱਤੇ, ਤੁਹਾਨੂੰ ਉਨ੍ਹਾਂ ਦਾ ਵਫ਼ਾਦਾਰੀ ਨਾਲ ਅਨੁਸਰਣ ਕਰਨਾ ਚਾਹੀਦਾ ਹੈ। ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਸਮਝ ਲਵੋ; ਹਰ ਮਨੁੱਖ ਦਾ ਮੁਖੀ ਮਸੀਹ ਹੈ। ਔਰਤ ਦਾ ਮੁਖੀ ਮਰਦ ਹੈ। ਅਤੇ ਮਸੀਹ ਦਾ ਮੁਖੀ ਪਰਮੇਸ਼ੁਰ ਹੈ।

ਜੇਕਰ ਕੋਈ ਵੀ ਆਦਮੀ ਜਿਹੜਾ ਸਿਰ ਢੱਕਕੇ ਪ੍ਰਾਰਥਨਾ ਜਾਂ ਭਵਿੱਖਬਾਣੀ ਕਰਦਾ ਹੈ, ਉਹ ਆਪਣੇ ਸਿਰ ਸ਼ਰਮਸਾਰੀ ਲਿਆਉਂਦਾ ਹੈ। ਪਰ ਹਰ ਔਰਤ ਨੂੰ ਆਪਣਾ ਸਿਰ ਢੱਕਣਾ ਚਾਹੀਦਾ ਹੈ, ਜਦੋਂ ਉਹ ਪ੍ਰਾਰਥਨਾ ਜਾਂ ਅਗੰਮ ਵਾਕ ਕਰ ਰਹੀ ਹੋਵੇ। ਜੇ ਉਸਦਾ ਸਿਰ ਢੱਕਿਆ ਹੋਇਆ ਨਹੀਂ ਹੈ, ਫ਼ੇਰ ਉਹ ਆਪਣੇ ਸਿਰ ਉੱਤੇ ਸ਼ਰਮਸਾਰੀ ਲਿਆਉਂਦੀ ਹੈ। ਫ਼ੇਰ ਉਸ ਵਿੱਚ ਅਤੇ ਸਿਰ ਮੁੱਨੇ ਵਾਲੀ ਔਰਤ ਵਿੱਚ ਕੋਈ ਫ਼ਰਕ ਨਹੀਂ ਹੈ। ਜੇ ਇੱਕ ਔਰਤ ਆਪਣਾ ਸਿਰ ਨਹੀਂ ਢੱਕਦੀ, ਇਹ ਉਸ ਦੇ ਵਾਲ ਕਟਾਉਣ ਵਰਗਾ ਹੀ ਹੈ। ਪਰ ਕਿਸੇ ਔਰਤ ਵਾਸਤੇ ਆਪਣੇ ਵਾਲ ਕਟਾਉਣੇ ਜਾਂ ਸਿਰ ਮੁਨਾਉਣਾ ਸ਼ਰਮਿੰਦਗੀ ਵਾਲੀ ਗੱਲ ਹੈ। ਇਸ ਲਈ ਉਸ ਨੂੰ ਆਪਣਾ ਸਿਰ ਢੱਕਣਾ ਚਾਹੀਦਾ ਹੈ।

ਪਰ ਆਦਮੀ ਨੂੰ ਆਪਣਾ ਸਿਰ ਨਹੀਂ ਢੱਕਣਾ ਚਾਹੀਦਾ। ਕਿਉਂਕਿ ਉਹ ਪਰਮੇਸ਼ੁਰ ਦੇ ਰੂਪ ਵਿੱਚ ਰਚਿਆ ਗਿਆ ਹੈ ਅਤੇ ਉਹ ਪਰਮੇਸ਼ੁਰ ਦੀ ਮਹਿਮਾ ਹੈ। ਪਰ ਔਰਤ ਆਦਮੀ ਦਾ ਗੌਰਵ ਹੈ। ਕਿਉਂਕਿ ਆਦਮੀ ਔਰਤ ਤੋਂ ਨਹੀਂ ਆਇਆ, ਸਗੋਂ, ਇਹ ਔਰਤ ਹੀ ਸੀ ਜੋ ਆਦਮੀ ਤੋਂ ਆਈ। ਇਹ ਵੀ ਕਿ, ਆਦਮੀ ਔਰਤ ਲਈ ਨਹੀਂ ਬਣਾਇਆ ਗਿਆ ਸੀ, ਸਗੋਂ ਔਰਤ ਆਦਮੀ ਲਈ ਬਣਾਈ ਗਈ ਸੀ। 10 ਇਸੇ ਲਈ ਔਰਤ ਨੂੰ ਇਹ ਦਰਸ਼ਾਉਣ ਲਈ ਕਿ ਉਹ ਕਿਸੇ ਦੇ ਅਧਿਕਾਰ ਹੇਠਾਂ ਹੈ ਆਪਣਾ ਸਿਰ ਢੱਕਣਾ ਚਾਹੀਦਾ ਹੈ। ਅਤੇ ਉਸ ਨੂੰ ਇਹ ਦੂਤਾਂ ਦੀ ਖਾਤਿਰ ਵੀ ਕਰਨਾ ਚਾਹੀਦਾ ਹੈ।

11 ਪਰ ਪ੍ਰਭੂ ਵਿੱਚ, ਔਰਤ ਆਦਮੀ ਲਈ ਮਹੱਤਵਪੂਰਣ ਹੈ ਅਤੇ ਆਦਮੀ ਔਰਤ ਲਈ ਮਹੱਤਵਪੂਰਣ ਹੈ। 12 ਇਹ ਸੱਚ ਹੈ ਕਿਉਂਕਿ ਔਰਤ ਆਦਮੀ ਤੋਂ ਆਈ ਅਤੇ ਆਦਮੀ ਵੀ ਔਰਤ ਤੋਂ ਪੈਦਾ ਹੋਇਆ ਹੈ। ਅਸਲ ਵਿੱਚ ਹਰ ਚੀਜ਼ ਪਰਮੇਸ਼ੁਰ ਵੱਲੋਂ ਆਉਂਦੀ ਹੈ। 13 ਇਸਦਾ ਫ਼ੈਸਲਾ ਖੁਦ ਕਰੋ; ਕੀ ਔਰਤ ਲਈ ਠੀਕ ਹੈ, ਕੀ ਉਹ ਬਿਨ ਸਿਰ ਢੱਕੇ ਪਰਮੇਸ਼ੁਰ ਦੀ ਪ੍ਰਾਰਥਨਾ ਕਰੇ? 14 ਕੁਦਰਤ ਵੀ ਤੁਹਾਨੂੰ ਇਹ ਸਿੱਖਾਉਂਦੀ ਹੈ ਕਿ ਲੰਬੇ ਬਾਲ ਰੱਖਣਾ ਆਦਮੀ ਲਈ ਨਮੋਸ਼ੀ ਵਾਲੀ ਗੱਲ ਹੈ। 15 ਪਰ ਲੰਮੇ ਬਾਲ ਹੋਣਾ ਔਰਤ ਲਈ ਮਾਣ ਵਾਲੀ ਗੱਲ ਹੈ। ਔਰਤ ਨੂੰ ਲੰਮੇ ਬਾਲ ਇਸ ਲਈ ਦਿੱਤੇ ਗਏ ਹਨ ਕਿ ਉਹ ਆਪਣਾ ਸਿਰ ਢੱਕ ਸੱਕੇ। 16 ਕੁਝ ਲੋਕ ਫ਼ੇਰ ਵੀ ਇਸ ਬਾਰੇ ਸ਼ਾਇਦ ਵਾਦ-ਵਿਵਾਦ ਕਰਨਾ ਚਾਹੁੰਦੇ ਹੋਣ। ਪਰ ਅਸੀਂ ਅਤੇ ਪਰਮੇਸ਼ੁਰ ਦੀਆਂ ਕਲੀਸਿਯਾਵਾਂ ਉਹ ਪ੍ਰਵਾਨ ਨਹੀਂ ਕਰਦੀਆਂ ਜੋ ਇਹ ਲੋਕ ਕਰ ਰਹੇ ਹਨ।

ਪ੍ਰਭੂ ਦਾ ਰਾਤ ਦਾ ਭੋਜਨ

17 ਜਿਹੜੀਆਂ ਗੱਲਾਂ ਹੁਣ ਮੈਂ ਤੁਹਾਨੂੰ ਆਖਦਾ ਹਾਂ ਉਨ੍ਹਾਂ ਲਈ ਮੈਂ ਤੁਹਾਡੀ ਉਸਤਤਿ ਨਹੀਂ ਕਰਦਾ। ਤੁਹਾਡੀਆਂ ਮੁਲਾਕਾਤਾਂ ਤੁਹਾਨੂੰ ਫ਼ਾਇਦੇ ਪਹੁੰਚਾਉਣ ਨਾਲੋਂ ਹਾਨੀ ਦਾ ਕਾਰਣ ਬਣਦੀਆਂ ਹਨ। 18 ਮੈਂ ਸੁਣਦਾ ਹਾਂ ਕਿ ਪਹਿਲਾਂ ਜਦੋਂ ਤੁਸੀਂ ਇਕੱਠੇ ਹੋਕੇ ਕਲੀਸਿਯਾ ਵਾਂਗ ਇਕੱਠੇ ਹੁੰਦੇ ਹੋ, ਤੁਹਾਡੇ ਵਿੱਚਕਾਰ ਬਟਵਾਰੇ ਹੁੰਦੇ ਹਨ ਅਤੇ ਕੁਝ ਹੱਦ ਤਾਈਂ ਮੈਂ ਇਸ ਉੱਤੇ ਵਿਸ਼ਵਾਸ ਕਰਦਾ ਹਾਂ। 19 ਆਪਣੇ ਵਿੱਚਕਾਰ ਬਟਵਾਰੇ ਹੋਣ ਦਿਉ ਫ਼ੇਰ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਤੁਹਾਡੇ ਵਿੱਚੋਂ ਕਿਹੜੇ ਸੱਚੇ ਨਿਹਚਾਵਾਨ ਹਨ।

20 ਜਦੋਂ ਸਾਰੇ ਹੀ ਇਕੱਠੇ ਹੋਕੇ ਆਉਂਦੇ ਹੋ, ਤੁਸੀਂ ਅਸਲ ਵਿੱਚ ਪ੍ਰਭੂ ਦਾ ਰਾਤ ਦਾ ਭੋਜਨ ਨਹੀਂ ਖਾਂਦੇ। 21 ਕਿਉਂਕਿ ਜਦੋਂ ਤੁਸੀਂ ਭੋਜਨ ਕਰਦੇ ਹੋ ਹਰ ਵਿਅਕਤੀ ਦੂਸਰੇ ਦਾ ਇੰਤਜ਼ਾਰ ਕੀਤੇ ਬਿਨਾ ਭੋਜਨ ਕਰਦਾ ਹੈ। ਕਈਆਂ ਨੂੰ ਖਾਣ ਲਈ ਪੂਰਾ ਭੋਜਨ ਨਹੀਂ ਮਿਲਦਾ ਜਦੋਂ ਕਿ ਦੂਸਰਿਆਂ ਨੂੰ ਇੰਨਾ ਮਿਲ ਜਾਂਦਾ ਹੈ ਕਿ ਉਹ ਸ਼ਰਾਬੀ ਹੋ ਜਾਂਦੇ ਹਨ। 22 ਤੁਸੀਂ ਆਪਣੇ ਘਰਾਂ ਵਿੱਚ ਵੀ ਖਾ ਪੀ ਸੱਕਦੇ ਹੋ। ਇਸ ਤਰ੍ਹਾਂ ਜਾਪਦਾ ਹੈ ਕਿ ਤੁਸੀਂ ਇਹ ਸੋਚਦੇ ਹੋ ਕਿ ਪਰਮੇਸ਼ੁਰ ਦੀ ਕਲੀਸਿਯਾ ਮਹੱਤਵਪੂਰਣ ਨਹੀਂ ਹੈ। ਤੁਸੀਂ ਉਨ੍ਹਾਂ ਗਰੀਬ ਲੋਕਾਂ ਸ਼ਰਮਿੰਦਗੀ ਵਿੱਚ ਪਾ ਦਿੰਦੇ ਹੋ। ਮੈਂ ਤੁਹਾਨੂੰ ਕੀ ਦੱਸਾਂ? ਕੀ ਮੈਂ ਇਸ ਗੱਲੋਂ ਤੁਹਾਡੀ ਪ੍ਰਸ਼ੰਸਾ ਕਰਾਂ ਮੈਂ ਤੁਹਾਡੀ ਪ੍ਰਸ਼ੰਸਾ ਨਹੀਂ ਕਰਦਾ।

23 ਜਿਹੜੇ ਉਪਦੇਸ਼ ਮੈਂ ਤੁਹਾਨੂੰ ਦੇ ਰਿਹਾ ਹਾਂ, ਮੈਂ ਇਹ ਪ੍ਰਭੂ ਤੋਂ ਪ੍ਰਾਪਤ ਕੀਤੇ ਹਨ। ਜਿਸ ਰਾਤ ਯਿਸੂ ਨਾਲ ਧ੍ਰੋਹ ਕੀਤਾ ਗਿਆ ਸੀ, 24 ਉਸ ਨੇ ਰੋਟੀ ਲਈ ਪਰਮੇਸ਼ੁਰ ਨੂੰ ਧੰਨਵਾਦ ਕੀਤਾ। ਫ਼ੇਰ ਉਸ ਨੇ ਰੋਟੀ ਨੂੰ ਤੋੜਿਆ ਅਤੇ ਆਖਿਆ, “ਇਹ ਮੇਰਾ ਸਰੀਰ ਹੈ; ਇਹ ਤੁਹਾਡੇ ਲਈ ਹੈ। ਤੁਹਾਨੂੰ ਇਹ ਮੈਨੂੰ ਯਾਦ ਕਰਨ ਲਈ ਕਰਨਾ ਚਾਹੀਦਾ ਹੈ।” 25 ਤਾਂ ਉਨ੍ਹਾਂ ਦੇ ਰਾਤ ਦਾ ਭੋਜਨ ਕਰਨ ਤੋਂ ਬਾਦ, ਯਿਸੂ ਨੇ ਦਾਖਰਸ ਦਾ ਪਿਆਲਾ ਲਿਆ ਅਤੇ ਆਖਿਆ, “ਇਹ ਦਾਖਰਸ ਨਵੇਂ ਕਰਾਰ ਨੂੰ ਸੂਚਿਤ ਕਰਦਾ ਹੈ ਜਿਹੜਾ ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਕੀਤਾ। ਇਹ ਨਵਾਂ ਕਰਾਰ ਮੇਰੇ ਲਹੂ ਨਾਲ ਸ਼ੁਰੂ ਹੁੰਦਾ ਹੈ। ਜਦੋਂ ਵੀ ਤੁਸੀਂ ਇਸ ਨੂੰ ਪੀਓ, ਮੈਨੂੰ ਚੇਤੇ ਕਰੋ।” 26 ਹਰ ਵਾਰੀ ਜਦੋਂ ਤੁਸੀਂ ਇਹ ਰੋਟੀ ਖਾਂਦੇ ਹੋ ਅਤੇ ਇਹ ਪਿਆਲਾ ਪੀਂਦੇ ਹੋ, ਤੁਸੀਂ ਪ੍ਰਭੂ ਦੀ ਮ੍ਰਿਤੂ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹੋ ਜਦੋਂ ਤੱਕ ਉਹ ਨਾ ਆਵੇ।

27 ਇਸ ਲਈ ਜੇਕਰ ਇੱਕ ਵਿਅਕਤੀ ਇਹ ਰੋਟੀ ਖਾਂਦਾ ਹੈ ਅਤੇ ਪ੍ਰਭੂ ਦੇ ਪਿਆਲੇ ਨੂੰ ਅਯੋਗ ਢੰਗ ਨਾਲ ਪੀਂਦਾ ਹੈ, ਉਹ ਪ੍ਰਭੂ ਦੇ ਸਰੀਰ ਅਤੇ ਲਹੂ ਦੇ ਖਿਲਾਫ਼ ਪਾਪ ਕਰਦਾ ਹੈ। 28 ਹਰ ਵਿਅਕਤੀ ਨੂੰ ਆਪਣੇ ਦਿਲ ਅੰਦਰ ਦੇਖਣਾ ਚਾਹੀਦਾ ਹੈ ਇਸਤੋਂ ਪਹਿਲਾਂ ਕਿ ਉਹ ਇਹ ਰੋਟੀ ਖਾਵੇ ਅਤੇ ਇਹ ਪਿਆਲਾ ਪੀਵੇ। 29 ਜੇ ਇੱਕ ਵਿਅਕਤੀ ਇਹ ਰੋਟੀ ਖਾਂਦਾ ਹੈ ਅਤੇ ਇਸ ਪਿਆਲੇ ਵਿੱਚੋਂ ਸਰੀਰ ਨੂੰ ਮਹਿਸੂਸ ਕੀਤੇ ਬਿਨਾ ਪੀਂਦਾ ਹੈ, ਫ਼ੇਰ ਉਹ ਖਾਣ ਅਤੇ ਪੀਣ ਵਿੱਚ ਦੋਸ਼ੀ ਪਰੱਖਿਆ ਜਾਵੇਗਾ। 30 ਇਹੀ ਕਾਰਣ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਕਮਜ਼ੋਰ ਅਤੇ ਬਿਮਾਰ ਹਨ। ਅਤੇ ਬਹੁਤ ਸਾਰੇ ਮਰ ਚੁੱਕੇ ਹਨ। 31 ਪਰ ਜੇਕਰ ਅਸੀਂ ਸਹੀ ਢੰਗ ਨਾਲ ਆਪਣੇ ਆਪ ਨੂੰ ਪਰੱਖਿਆ ਹੁੰਦਾ, ਤਾਂ ਪਰਮੇਸ਼ੁਰ ਸਾਨੂੰ ਨਹੀਂ ਪਰੱਖੇਗਾ। 32 ਪਰ ਜਦੋਂ ਪ੍ਰਭੂ ਸਾਡਾ ਨਿਆਂ ਕਰਦਾ ਹੈ, ਉਹ ਸਾਨੂੰ ਅਨੁਸ਼ਾਸਿਤ ਕਰਦਾ ਹੈ ਤਾਂ ਜੋ ਅਸੀਂ ਸਹੀ ਰਸਤੇ ਉੱਤੇ ਚੱਲ ਸੱਕੀਏ। ਉਹ ਅਜਿਹਾ ਇਸ ਲਈ ਕਰਦਾ ਹੈ ਤਾਂ ਜੋ ਅਸੀਂ ਦੁਨੀਆਂ ਦੇ ਹੋਰਨਾਂ ਲੋਕਾਂ ਵਾਂਗ ਨਾ ਨਿੰਦੇ ਜਾਈਏ।

33 ਇਸ ਲਈ ਮੇਰੇ ਭਰਾਵੋ ਅਤੇ ਭੈਣੋ ਜਦੋਂ ਤੁਸੀਂ ਭੋਜਨ ਕਰਨ ਲਈ ਇਕੱਠੇ ਹੁੰਦੇ ਹੋ, ਇੱਕ ਦੂਸਰੇ ਦਾ ਇੰਤਜ਼ਾਰ ਕਰੋ। 34 ਜੇ ਕੋਈ ਵਿਅਕਤੀ ਬਹੁਤ ਹੀ ਭੁੱਖਾ ਹੈ ਤਾਂ ਉਸ ਨੂੰ ਘਰ ਵਿੱਚ ਭੋਜਨ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਇਹ ਕਰੋਂਗੇ, ਫ਼ੇਰ ਜਦੋਂ ਤੁਸੀਂ ਇਕੱਠੇ ਆਵੋਂਗੇ, ਤੁਸੀਂ ਆਪਣੇ ਉੱਤੇ ਪਰਮੇਸ਼ੁਰ ਦਾ ਨਿਆਂ ਨਹੀਂ ਲਿਆਵੋਂਗੇ। ਜਦੋਂ ਮੈਂ ਆਵਾਂਗਾ, ਮੈਂ ਤੁਹਾਨੂੰ ਹੋਰਨਾ ਮਾਮਲਿਆਂ ਬਾਰੇ ਹਿਦਾਇਤਾਂ ਦੇਵਾਂਗਾ।